Home » Uncategorized » ਐਮਆਈਜੀ ਇੰਡੀਪੈਂਡੇਟ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ : ਪ੍ਰਧਾਨ ਬਿਪਨਜੀਤ ਸਿੰਘ

ਐਮਆਈਜੀ ਇੰਡੀਪੈਂਡੇਟ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ : ਪ੍ਰਧਾਨ ਬਿਪਨਜੀਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਮਈ (ਮੰਗਤ ਸਿੰਘ ਸੈਦਪੁਰ) : ਵਾਰਡ ਨੰਬਰ 34 ਤੋਂ ‘ਆਪ’ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਆਪਣੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਦਿਆਂ ਐਮ ਆਈ ਜੀ ਇੰਡੀਪੈਂਡੇਟ ਇਲਾਕੇ ਵਿੱਚ ਘਰ-ਘਰ ਜਾ ਕੇ ਵਾਰਡ ਵਾਸੀਆਂ ਨਾਲ ਸੰਪਰਕ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਨਾਲ ਮੁਲਾਕਾਤ ਕਰਕੇ ਵਾਰਡ ਦੇ ਵਿਕਾਸ, ਸਫਾਈ, ਪਾਣੀ ਨਿਕਾਸ, ਸੁਰੱਖਿਆ ਅਤੇ ਹੋਰ ਮੁੱਢਲੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਐਮ ਆਈ ਜੀ ਇੰਡੀਪੈਂਡੇਟ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਬਿਪਨਜੀਤ ਸਿੰਘ ਨੇ ਕਿਹਾ ਕਿ ਸੁਖਦੇਵ ਸਿੰਘ ਪਟਵਾਰੀ ਨੇ ਪਿਛਲੇ ਕਈ ਸਾਲਾਂ ਦੌਰਾਨ ਵਾਰਡ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਉਠਾਇਆ ਹੈ ਅਤੇ ਖਾਸ ਕਰਕੇ ਪਿਛਲੇ ਪੰਦਰਾਂ ਸਾਲਾਂ ਤੋਂ ਚੱਲ ਰਹੀ ਬਰਸਾਤੀ ਪਾਣੀ ਦੀ ਭਿਆਨਕ ਸਮੱਸਿਆ ਦੇ ਹੱਲ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਲਗਾਤਾਰ ਯਤਨਾਂ ਅਤੇ ਸੰਬੰਧਿਤ ਵਿਭਾਗਾਂ ਨਾਲ ਕੀਤੀ ਗਈ ਪੈਰਵੀ ਕਾਰਨ ਤਕਰੀਬਨ ਕਰੋੜ ਰੁਪਏ ਦੇ ਸਟੌਰਮ ਵਾਟਰ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ, ਜਿਸ ਦਾ ਕੰਮ ਹੁਣ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਨਾਲ ਇਲਾਕੇ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਪਟਵਾਰੀ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਰਹੇ ਹਨ ਅਤੇ ਹਰ ਵੇਲੇ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਇਸੇ ਕਰਕੇ ਇਲਾਕਾ ਨਿਵਾਸੀਆਂ ਵਿੱਚ ਉਨ੍ਹਾਂ ਪ੍ਰਤੀ ਵਿਸ਼ਵਾਸ ਅਤੇ ਸਨਮਾਨ ਦੀ ਭਾਵਨਾ ਹੈ। ਸੁਖਦੇਵ ਸਿੰਘ ਪਟਵਾਰੀ ਨੇ ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਰਡ ਦੇ ਹਰ ਇਕ ਪਰਿਵਾਰ ਦੀ ਭਲਾਈ ਲਈ ਇਮਾਨਦਾਰੀ ਅਤੇ ਪੂਰੀ ਨਿਸ਼ਠਾ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 34 ਨੂੰ ਵਿਕਾਸ ਪੱਖੋਂ ਇੱਕ ਮਿਸਾਲੀ ਵਾਰਡ ਬਣਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਆਰ. ਕੇ. ਵਧਵਾ, ਖਜਾਨਚੀ ਅਰੁਨ ਗਰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸਮਰਥਕ ਹਾਜ਼ਰ ਸਨ।

Leave a Reply

Your email address will not be published. Required fields are marked *