ਨਸ਼ਾ ਤਸਕਰੀ ‘ਚ ਪੰਜਾਬ 1 ਨੰਬਰ ‘ਤੇ, 50 ਕਿਲੋਮੀਟਰ ਦੀ ਬਾਰਡਰ ‘ਤੇ ਬੀਐਸਐਫ ਅਤੇ ਕੇਂਦਰ ਦੇ ਕਬਜ਼ੇ ‘ਚ ਹੋਣ ਦੇ ਬਾਵਜੂਦ ਪੰਜਾਬ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਵੱਖੋ ਦੇਸ਼ ਭਰ ਚ 2 ਨੰਬਰ ‘ਤੇ : ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ
ਚੰਡੀਗੜ੍ਹ-: 8 ਮਈ (ਮੰਗਤ ਸਿੰਘ ਸੈਦਪੁਰ) : ਪੰਜਾਬ ਅਤੇ ਕੇਂਦਰ ਵਿੱਚ ਰਾਜ ਕਰ ਰਹੀਆਂ ਸਰਕਾਰਾਂ ਆਪਣੀਆਂ ਬਦਲਾ ਲਊ ਕਾਰਵਾਈਆਂ ਨਾਲ ਲੋਕਤੰਤਰਿਕ ਪ੍ਰਕਿਰਿਆ ਦਾ ਮਜਾਕ ਉਡਾ ਰਹੀਆਂ ਹਨ। ਉਹਨਾਂ ਕਿਹਾ ਕਿ ਲੋਕ ਆਪਣਾ ਕੀਮਤੀ ਵੋਟ ਦੇ ਕੇ ਸਰਕਾਰ ਚੁਣਦੇ ਹਨ ਕਿ ਬਣਨ ਵਾਲੀ ਸਰਕਾਰ ਮੁਸ਼ਕਲਾਂ ਹੱਲ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਉਚਾ ਅਤੇ ਸੌਖਾ ਬਣਾਏਗੀ। ਪਰ ਰਾਜ ਸ਼ਕਤੀ ‘ਚ ਅੰਨੇ ਨਸ਼ੇ ਵਿੱਚ ਸਰਕਾਰਾਂ ਲੋਕਾਂ ਵਾਸਤੇ ਕੰਮ ਕਰਨ ਦੀ ਬਜਾਏ ਆਪਸੀ ਦੁਸ਼ਮਣੀਆਂ ਚ ਉਲਝੀਆਂ ਹੋਈਆਂ ਹਨ। ਜਿਵੇਂ ਪਿਛਲੇ ਦਿਨੀ ਈਡੀ ਦੇ ਛਾਪਿਆਂ ਤੋਂ ਬਾਦ ਇਕ ਪਾਰਟੀ ਦੇ ਚੁਣੇ ਹੋਏ ਸੱਤ ਰਾਜ ਸਭਾ ਮੈਂਬਰ ਹੀ ਕੇਂਦਰ ਸਰਕਾਰ ਨਾਲ ਜਾ ਮਿਲੇ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਉਂਦਿਆ ਕਿਹਾ ਕਿ ਬਦਲੇ ਵਿੱਚ ਪੰਜਾਬ ਸਰਕਾਰ ਉਹਨਾਂ ਦੇ ਮੈਂਬਰਾਂ ਦੀ ਸੁਰੱਖਿਆ ਵਾਪਸੀ ਦੇ ਨਾਲ-ਨਾਲ ਪਰਚੇ ਵੀ ਦਰਜ ਕਰ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨੂੰ ਵੋਟ ਰਾਹੀਂ ਚੁਣਨਾ, ਆਮ ਲੋਕਾਂ ਦਾ ਅਧਿਕਾਰ ਹੈ ਅਤੇ ਵੋਟ ਰਾਹੀਂ ਰਾਜ ਸ਼ਕਤੀ ਹਾਸਲ ਕਰਨ ਵਾਲੇ ਇਹਨਾਂ ਲੀਡਰਾਂ ਨੂੰ ਲੋਕਾਂ ਦੇ ਉਸ ਅਧਿਕਾਰ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਤਰਾਂ ਹੀ ਲੋਕਤੰਤਰਿਕ ਕਦਰਾਂ ਕੀਮਤਾਂ ਬਚੀਆਂ ਰਹਿ ਸਕਦੀਆਂ ਹਨ। ਕੇਂਦਰ ਦੀ ਭਾਜਪਾ ਸਰਕਾਰ ਨੂੰ ਸੂਬਾ ਸਰਕਾਰਾਂ ਦੇ ਕੰਮਾਂ ਵਿੱਚ ਅੜਿੱਕੇ ਡਾਹੁਣ ਦੀ ਥਾਂ ਦੇਸ਼ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ। ਏਸੇ ਤਰਾਂ ਸੂਬੇ ਦੀ ਸਰਕਾਰ ਨੂੰ ਵੀ ਬਦਲੇ ਦੀ ਰਾਜਨੀਤੀ ਕਰਨ ਦੀ ਬਜਾਏ ਉਹਨਾਂ ਲੋਕਾਂ ਲਈ ਕੰਮ ਕਰਨਾ ਚਾਹੀਦੈ, ਜਿੰਨਾਂ ਨੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਸੂਬੇ ਦਾ ਰਾਜ ਦਿੱਤਾ ਹੈ। ਸਰਕਾਰਾਂ ਵਿਚ ਬੈਠੇ ਲੋਕ ਇਹ ਨਾ ਭੁੱਲਣ ਕਿ ਅਸਲ ਸ਼ਕਤੀ ਲੋਕਾਂ ਕੋਲ ਹੈ ਅਤੇ ਸਰਕਾਰਾਂ ਬਦਲਣ ਲੱਗੇ ਉਹ ਜਰਾ ਵੀ ਰਹਿਮ ਨਹੀਂ ਕਰਦੇ। ਇਹ ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਸ ਦੇ ਅਗਲੇ ਵਾਰ ਵਜੋਂ ਕੇਂਦਰ ਨੇ ਪੰਜਾਬ ਸਰਕਾਰ ਦੇ ਖਿਲਾਫ ਈਡੀ ਨੂੰ ਸਰਗਰਮ ਕਰ ਦਿੱਤਾ ਹੈ ਅਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਵਿਘੜ ਰਹੀ ਹੈ। ਲਗਾਤਾਰ ਬੰਬ ਧਮਾਕੇ ਹੋ ਰਹੇ ਹਨ। ਜਿਸ ਦਾ ਇਲਜ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਜੇ ਸਿੰਘ ਸਿੱਧਾ ਬੀਜੇਪੀ ਉਤੇ ਲਗਾ ਰਹੇ ਹਨ। ਏਹੋ ਜਿਹੇ ਇਲਜ਼ਾਮ ਪੰਜਾਬ ਭਾਜਪਾ ਦੇ ਲੀਡਰ ਆਮ ਆਦਮੀ ਪਾਰਟੀ ‘ਤੇ ਲਗਾ ਰਹੇ ਹਨ। ਅਜਿਹੇ ਸਮੇਂ ਲੋਕ ਆਪਣੀ ਸੁਰੱਖਿਆ ਅਤੇ ਭਲਾਈ ਲਈ ਕਿਸ ਵੱਲ ਵੇਖਣ? ਪੰਜਾਬ ਪੁਲਿਸ ਇਹਨਾਂ ਧਮਾਕਿਆਂ ਦੇ ਦੋਸ਼ ਵਿੱਚ ਸੈਂਕੜੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਇਲਜ਼ਾਮ ਪਾਕਿਸਤਾਨ ਸਿਰ ਲਗਾ ਰਹੀ ਹੈ। ਕੀ ਆਪਣੀ ਸੁਰੱਖਿਆ ਲਈ ਚੁਣੀਆਂ ਸਰਕਾਰਾਂ ਦਾ ਕੰਮ ਸਿਰਫ ਭੰਬਲਭੂਸੇ ਪੈਦਾ ਕਰਕੇ ਲੋਕਾਂ ਵਿੱਚ ਡਰ ਫੈਲਾਉਣਾ ਹੀ ਰਹਿ ਗਿਆ ਹੈ? ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਨਸ਼ਾ ਤਸਕਰੀ ਵਿੱਚ ਪੰਜਾਬ ਪਹਿਲੇ ਨੰਬਰ ‘ਤੇ ਹੈ ਜਦ ਕਿ ਪੰਜਾਹ ਕਿਲੋਮੀਟਰ ਦੀ ਬਾਰਡਰ ਪੱਟੀ ਬੀ ਐਸ ਐਫ ਅਧੀਨ ਕੇਂਦਰ ਦੇ ਕਬਜੇ ਵਿੱਚ ਹੈ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਪੰਜਾਬ ਦੇਸ਼ ਭਰ ਚੋਂ ਦੂਜੇ ਨੰਬਰ ‘ਤੇ ਹੈ। ਅਤੇ ਨੌਜਵਾਨ ਗੈਂਗਸਟਰਵਾਦ ਵੱਲ ਧੱਕੇ ਜਾ ਰਹੇ ਹਨ। ‘ਗੈਂਗਸਟਰਾਂ ‘ਤੇ ਵਾਰ’ ਤਹਿਤ ਪੁਲਿਸ ਵੱਲੋਂ ਰੋਜਾਨਾ ਸੈਂਕੜੇ ਨੌਜਵਾਨ ਚੁੱਕੇ ਜਾ ਰਹੇ ਹਨ। ਫਿਰ ਵੀ ਲੋਕਾਂ ਨੂੰ ਫਿਰੌਤੀਆਂ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਕੀ ਕੇਂਦਰ ਅਤੇ ਪੰਜਾਬ ਸਰਕਾਰਾ ਰਲ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੀਆਂ ਹਨ ਜਾਂ ਆਪਸੀ ਦੁਸ਼ਮਣੀ ਵਿੱਚ ਤਬਾਹ ਕਰ ਰਹੀਆਂ ਹਨ.?


