17 ਮਾਰਚ ਨੂੰ ਗੁਰਦੁਆਰਾ ਸਾਹਿਬ ਬੈਰਮਪੁਰ ਵਿਖੇ ਹੋਵੇਗੀ ਅੰਤਿਮ ਅਰਦਾਸ…
ਪੁਆਧ ਦੀ ਅਹਿਮ ਪੰਥਕ ਸ਼ਖਸ਼ੀਅਤ ਜਥੇਦਾਰ ਬਲਬੀਰ ਸਿੰਘ ਬੈਰਮਪੁਰ ਦਾ ਸਦੀਵੀ ਵਿਛੋੜਾ ਖਾਲਸਾ ਪੰਥ ਸਿੱਖ ਕੌਮ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜਥੇਦਾਰ ਬਲਬੀਰ ਸਿੰਘ ਹਰ ਸਮੇਂ ਜਦੋਂ ਵੀ ਕੋਈ ਪੰਜਾਬ ਦੇ ਲੋਕਾਂ ਉੱਤੇ ਜਬਰ ਜੁਲਮ ਜਾਂ ਹੋਰ ਕੋਈ ਕੁਦਰਤੀ ਭੀੜ ਬਣਦੀ ਸੀ ਤਾਂ ਹਮੇਸ਼ਾ ਅੱਗੇ ਹੋ ਕੇ ਪੀੜਤ ਲੋਕਾਂ ਦੀ ਸੇਵਾ ਵਿੱਚ ਖੜਦੇ ਸਨ। ਉਹ ਭਾਵੇਂ ਪੰਥਕ ਕਾਰਜ ਹੋਣ ਜਾਂ ਸਮਾਜਸੇਵੀ ਕਾਰਜ ਹੋਣ ਉਹ ਹਮੇਸ਼ਾ ਆਪਣੀ ਫਰਜ ਦਿਲੋਂ ਅਤੇ ਨਿਸ਼ਕਾਮ ਹੋ ਕੇ ਕਰਦੇ ਸਨ। ਉਹਨਾਂ ਦੇ ਭਰਾ ਜਸਪਾਲ ਸਿੰਘ, ਸਪੁੱਤਰ ਮਨਪ੍ਰੀਤ ਸਿੰਘ ਅਤੇ ਭਤੀਜੇ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਦਾਰ ਸ.ਬਲਬੀਰ ਸਿੰਘ ਦਾ ਜਨਮ ਸਵਰਗੀ ਸ. ਸ਼ਮਸ਼ੇਰ ਸਿੰਘ ਸਾਬਕਾ ਸਰਪੰਚ ਅਤੇ ਮਾਤਾ ਸ੍ਰੀਮਤੀ ਬਲਵੰਤ ਕੌਰ ਦੇ ਗ੍ਰਹਿ ਪਿੰਡ ਬੈਰਮਪੁਰ-ਭਾਗੋ ਮਾਜਰਾ ਮੋਹਾਲੀ ਵਿਖੇ 1960 ਵਿੱਚ ਹੋਇਆ। ਉਹ ਆਪਣੇ ਚਾਰ ਭੈਣਾਂ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸੀ। ਉਹਨਾਂ ਨੇ ਪਿੰਡ ਦੇ ਪ੍ਰਾਇਮਰੀ ਸਕੂਲ ‘ਚ ਮੁੱਢਲੀ ਅਤੇ ਲਾਂਡਰਾਂ ਹਾਈ ਸਕੂਲ ਵਿਖੇ ਉੱਚ ਵਿੱਦਿਆ ਪ੍ਰਾਪਤ ਕੀਤੀ। 1980 ਵਿੱਚ ਉਹਨਾਂ ਦਾ ਵਿਆਹ ਸ੍ਰੀਮਤੀ ਜਸਵੀਰ ਕੌਰ ਜੀ ਸਪੁੱਤਰੀ ਸਵਰਗੀ ਸ. ਨਿਰਮਲ ਸਿੰਘ ਅਤੇ ਮਾਤਾ ਸ਼੍ਰੀ ਮਤੀ ਗੁਰਦਿਆਲ ਕੌਰ ਜੀ ਨਾਲ ਬੰਨ ਮਾਜਰਾ ਵਿਖੇ ਹੋਇਆ। ਵਾਹਿਗੁਰੂ ਜੀ ਨੇ ਗ੍ਰਹਿਸਤ ਜੀਵਨ ਵਿੱਚ ਸਪੁੱਤਰ ਅਤੇ ਸਪੁੱਤਰੀ ਦੀ ਦਾਤ ਬਖਸ਼ੀ। ਬਚਪਨ ਤੋਂ ਹੀ ਜਥੇਦਾਰ ਸ. ਬਲਬੀਰ ਸਿੰਘ ਧਾਰਮਿਕ ਕੰਮਾਂ ਵਿੱਚ ਦਿਲਚਸਪੀ ਰੱਖਦੇ ਸਨ ਅਤੇ ਨਾਲ ਹੀ ਖੇਤੀਬਾੜੀ ਦਾ ਕੰਮ ਵੀ ਸੰਭਾਲਦੇ ਸਨ। ਪੜ੍ਹਾਈ ਖ਼ਤਮ ਹੋਣ ਉਪਰੰਤ ਉਹਨਾਂ ਨੇ ਦੋਧੀ ਦਾ ਕਿੱਤਾ ਅਪਣਾਇਆ। ਸਾਈਕਲ ‘ਤੇ ਹੀ ਢੋਲ ਲੱਦ ਕੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਦੁੱਧ ਪਾਉਣ ਦੀ ਸ਼ੁਰੂਆਤ ਕੀਤੀ। ਦੁੱਧ ਦਾ ਕੰਮ ਕਰਦੇ ਹੋਏ ਹੀ ਪੰਜਾਬ ਮਿਲਕ ਯੂਨੀਅਨ ਦੇ ਪ੍ਰਧਾਨ ਬਣਨ ਦਾ ਸਬੱਬ ਬਣਿਆ ਜੋ ਕਿ ਉਹਨਾਂ ਨੇ ਬਹੁਤ ਸੰਘਰਸ਼ ਦੇ ਬਾਵਜੂਦ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਇਆ। ਇਸੇ ਵੇਲੇ ਉਹਨਾਂ ਨੂੰ ਬ੍ਰਹਮ ਗਿਆਨੀ ਪਰਮੇਸ਼ਰ ਰੂਪੀ ਧੰਨ ਧੰਨ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਦੀ ਸੰਗਤ ਪ੍ਰਾਪਤ ਹੋਈ। ਮਹਾਰਾਜ ਜੀਆਂ ਨੇ ਉਹਨਾਂ ਨੂੰ ਸੰਤ ਖਾਲਸਾ ਦਲ ਚੰਡੀਗੜ੍ਹ ਸਰਕਲ ਦੇ ਜਥੇਦਾਰ ਥਾਪਿਆ ਅਤੇ ਉਹਨਾਂ ਦੀ ਕਿਰਪਾ ਤੇ ਪ੍ਰੇਰਨਾ ਸਦਕਾ ਜਥੇਦਾਰ ਜੀ ਨੇ ਸਰਬ ਧਰਮ ਪੀਠ ਕੁਰਕਸ਼ੇਤਰ ਦੀ ਸੇਵਾ ਵਿੱਚ ਯੋਗਦਾਨ ਪਾਇਆ। ਉਹ ਮਨ ਵਿੱਚ ਅਤਿਅੰਤ ਸੇਵਾ ਭਾਵਨਾ ਅਤੇ ਦਇਆ ਰੱਖਦੇ ਸਨ। ਜਿਸ ਸਦਕਾ ਉਹ ਹਰ ਵੇਲੇ ਲੋੜਵੰਦਾਂ ਦੀ ਸਹਾਇਤਾ ਤੇ ਸੇਵਾ ਲਈ ਤਤਪਰ ਰਹਿੰਦੇ ਸਨ। ਜਥੇਦਾਰ ਬਲਬੀਰ ਸਿੰਘ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਨੇ 2019 ਵਿੱਚ ਗੁਰਦੁਆਰਾ ਸਾਹਿਬ ਬੈਰਮਪੁਰ ਦੇ ਪ੍ਰਧਾਨ ਬਣਾਇਆ। ਜਦੋਂ ਦਿੱਲੀ ਵਿਖੇ ਕਿਸਾਨੀ ਧਰਨਾ ਲੱਗਿਆ ਉਸ ਵਿੱਚ ਵੱਡੇ ਪੱਧਰ ‘ਤੇ ਯੋਗਦਾਨ ਪਾਇਆ ਅਤੇ ਪਿੰਡ ਵੱਲੋਂ ਲਗਾਈ ਸੇਵਾ ਦੀ ਡਿਊਟੀ ਤਨ, ਮਨ ਤੇ ਧਨ ਨਾਲ ਨਿਭਾਈ। ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਦੀ ਸਰਪੰਚੀ ਕਰਨ ਦਾ ਮੌਕਾ ਵੀ ਦਿੱਤਾ ਜਥੇਦਾਰ ਬਲਬੀਰ ਸਿੰਘ ਨੇ ਸੰਤਾਂ ਦੇ ਦੱਸੇ ਸਰਬ ਸਾਂਝੀਵਾਲਤਾ ਦੇ ਮਾਰਗ ‘ਤੇ ਚੱਲਣ ਵਾਲੇ ਨਿਡਰ ਉਸਾਰੂ ਸੋਚ ਮਾਲਕ ਸਨ। ਪੰਜਾਬ ਦੀ ਸਿੱਖ ਸੰਘਰਸ਼ ਖਾੜਕੂ ਲਹਿਰ ਵਿੱਚ ਉਹਨਾਂ ਨੇ ਵੱਡੇ ਪੱਧਰ ‘ਤੇ ਯੋਗਦਾਨ ਪਾਇਆ ਕੇਂਦਰ ਅਤੇ ਪੰਜਾਬ ਸਰਕਾਰਾਂ ਦੇ ਜਬਰ-ਜੁਲਮ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਬਹੁਤ ਹੀ ਤਸੀਹੇ ਝੱਲੇ। ਇਸੇ ਤਰ੍ਹਾਂ ਉਹਨਾਂ ਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ। ਜੇਲ੍ਹ ਵਿੱਚ ਹੀ ਉਹਨਾਂ ਦੀ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨਾਲ ਮੁਲਾਕਾਤ ਹੋਈ। ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਬਹਿਬਲ ਕਲਾ ਗੋਲੀ ਕਾਂਡ, ਲਾਪਤਾ 328 ਸਰੂਪਾਂ ਦਾ ਇਨਸਾਫ ਲੈਣ ਅਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਕਾਨੂੰਨ ਬਣਾਉਣ ਸਬੰਧੀ 7 ਫਰਵਰੀ 2023 ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਵੀ ਜਥੇਦਾਰ ਬਲਬੀਰ ਸਿੰਘ ਬੈਰਮਪੁਰ ਵੱਡੇ ਪੱਧਰ ‘ਤੇ ਯੋਗਦਾਨ ਆਖਰੀ ਸਮੇਂ ਤੱਕ ਪਾਉਂਦੇ ਰਹੇ। ਜਿਨ੍ਹਾਂ ਦੀਆਂ ਸੇਵਾਵਾਂ ਸ਼ਲਾਘਾ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਮੁੱਖ ਬੁਲਾਰਾ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਹਲਕਾ ਵਿਧਾਇਕ ਕੁਲਵੰਤ ਸਿੰਘ, ਸ. ਕੁਲਦੀਪ ਸਿੰਘ ਸਮਾਣਾ, ਡਾਇਰੈਕਟਰ ਸੁਖਦੇਵ ਸਿੰਘ ਪਟਵਾਰੀ, ਡਾਇਰੈਕਟਰ ਸੁਰਿੰਦਰ ਸਿੰਘ ਰੋਡਾ ਬੈਦਵਾਣ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਸੀਨੀ. ਆਗੂ ਹਰਸੰਗਤ ਸਿੰਘ, ਵਾਈਸ ਚੇਅਰਮੈਨ ਸ. ਤਰਲੋਚਨ ਸਿੰਘ ਬੈਦਵਾਣ ਮਟੌਰ, ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਕੋਆਰਡੀਨੇਟਰ ਫੂਲਰਾਜ ਸਿੰਘ, ਜਥੇਦਾਰ ਰਸ਼ਪਾਲ ਸਿੰਘ ਚੰਡੀਗੜ੍ਹ, ਦਲ ਪੰਥ ਖਾਲਸਾ ਤਰਨਾ ਦਲ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ, ਕੋਆਰਡੀਨੇਟਰ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਬੰਦੀ ਸਿੰਘ ਭਾਈ ਬਲਜੀਤ ਸਿੰਘ ਭਾਊ, ਬਲਵਿੰਦਰ ਸਿੰਘ ਫਿਰੋਜ਼ਪੁਰ, ਐਡਵੋਕੇਟ ਗੁਰਸ਼ਰਨ ਸਿੰਘ ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਬਲਕਾਰ ਸਿੰਘ ਭੁੱਲਰ ਆਦਿ ਕੌਮੀ ਇਨਸਾਫ ਮੋਰਚੇ ਦੇ ਸੰਘਰਸ਼ ਆਗੂਆਂ ਵੱਲੋਂ ਜਿੱਥੇ ਸਵਰਗੀ ਜਥੇਦਾਰ ਬਲਬੀਰ ਸਿੰਘ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ ਉੱਥੇ ਹੀ ਉਹਨਾਂ ਨੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਅਤੇ ਉਹਨਾਂ ਨੂੰ ਸੱਚਖੰਡ ਵਿਖੇ ਨਿਵਾਸ ਬਖਸ਼ਣ ਦੀ ਵੀ ਕਾਮਨਾ ਕੀਤੀ ਹੈ। ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚਾ ਜਥੇਦਾਰ ਬਲਬੀਰ ਸਿੰਘ ਦੇ ਸਮੁੱਚੇ ਪਰਿਵਾਰ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਹਰ ਪੱਖੋਂ ਮੱਦਦ ਕਰਦਾ ਰਹੇਗਾ। ਉਹਨਾਂ ਕਿਹਾ ਕਿ 17 ਮਾਰਚ 2026 ਨੂੰ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਜੱਦੀ ਪਿੰਡ ਬੈਰਮਪੁਰ ਵਿਖੇ ਹੋ ਰਹੀ ਅੰਤਿਮ ਅਰਦਾਸ ਵਿੱਚ ਸਮੂਹ ਪੰਥਕ ਹਮਦਰਦੀ, ਧਾਰਮਿਕ, ਸਮਾਜਸੇਵੀ ਸੰਸਥਾਵਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ਼ਾਮਿਲ ਹੋ ਕੇ ਅੰਤਿਮ ਸ਼ਰਧਾਂਜਲੀ ਭੇਂਟ ਕਰਨ ਵੱਡੇ ਪੱਧਰ ‘ਤੇ ਸ਼ਾਮਿਲ ਹੋਣਗੇ।


