ਮਾਰਕੀਟ ‘ਚ ਅੱਧੀ ਸੜਕ ਟੁੱਟੀ ਹੋਈ ਹੈ ਅਤੇ ਅੱਧੀ ਨੂੰ ਬਣਾਇਆ ਨਹੀਂ ਵਿਜੀਲੈਂਸ ਵੱਲੋਂ ਜਾਂਚ ਦੀ ਕੀਤੀ ਮੰਗ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 15 ਮਾਰਚ (ਚਰਨ ਸਿੰਘ ਮੈਣ ਮਾਜਰੀ) : ਆਮ ਆਦਮੀ ਪਾਰਟੀ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਫੇਸ-5 ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਫੇਜ-5 ਦੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿੱਚ ਉਹਨਾਂ ਦੱਸਿਆ ਕਿ ਮਾਰਕੀਟ ਦੇ ਵਿੱਚ ਲੇਡੀਜ ਜੈਂਟਸ ਟੋਇਲਟ ਤੇ ਲੇਡੀਜ ਸਟਾਫ ਨੂੰ ਲਗਾ ਰੱਖਿਆ ਹੈ। ਇਸ ਤੋਂ ਇਲਾਵਾ ਰੇਹੜੀ ਫੜੀ ਵੱਡੀ ਗਿਣਤੀ ਵਿੱਚ ਇਧਰ ਉਧਰ ਲੱਗੀਆਂ ਹੋਈਆਂ ਹਨ। ਜਿਸ ਕਰਕੇ ਦੁਕਾਨਦਾਰਾਂ ਨੂੰ ਆਪਣੇ ਕੰਮ ਵਿੱਚ ਦਿੱਕਤ ਆ ਰਹੀ ਹੈ। ਮਾਰਕੀਟ ਦੀ ਪਾਰਕਿੰਗਾਂ ਦੀ ਲਾਈਨਸ ਨਹੀਂ ਲੱਗੀਆਂ ਹੋਈਆਂ ਅਤੇ ਗੱਡੀਆਂ ਸੁਚਾਰੂ ਢੰਗ ਨਾਲ ਪਾਰਕ ਨਹੀਂ ਹੁੰਦੀਆਂ। ਪੀ.ਸੀ.ਆਰ. ਪੈਟਰੋਲਿੰਗ ਨਹੀਂ ਹੁੰਦੀ ਅਤੇ ਮਾਰਕੀਟ ਦੇ ਵਿੱਚ ਅਵਾਰਾ ਕੁੱਤੇ ਰਾਹਗੀਰਾਂ ਨੂੰ ਤੰਗ ਪਰੇਸ਼ਾਨ ਕਰੀ ਰੱਖਦੇ ਹਨ। ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਅਤੇ ਯੂਥ ਆਗੂ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ‘ਚ ਸੱਤਾ ਸੰਭਾਲੀ ਬੈਠੇ ਨੇਤਾਵਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਫੀਲਡ ਦੇ ਵਿੱਚ ਵਿਚਰਦੇ ਹਨ। ਉਹਨਾਂ ਕਿਹਾ ਕਿ ਜੈਂਟਸ ਟਾਇਲਟ ‘ਤੇ ਲੇਡੀ ਸਟਾਫ ਦੀ ਡਿਊਟੀ ਲਗਾਉਣਾ ਬਿਲਕੁਲ ਗਲਤ ਗੱਲ ਹੈ, ਇਸ ਦੇ ਲਈ ਸੰਬੰਧਿਤ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਬਿਨਾਂ ਦੇਰੀ ਕੀਤੀਆਂ ਇਸ ਨਾਲ ਸੰਬੰਧਿਤ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਣਾ ਚਾਹੀਦਾ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਫੇਜ-5 ਦੀਆਂ ਦੋਨਾਂ ਮਾਰਕੀਟਾਂ ਦੇ ਦਾਖਲੇ ਵਾਲੀ ਸੜਕ ਟੁੱਟੀ ਹੋਈ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਇਸ ਮਾਰਕੀਟ ਦੇ ਵਿੱਚ ਅੱਧੀ ਸੜਕ ਟੁੱਟੀ ਹੋਈ ਹੈ ਅਤੇ ਅੱਧੀ ਨੂੰ ਬਣਾਇਆ ਹੀ ਨਹੀਂ ਗਿਆ। ਇਸ ਸੰਵੇਦਨਸ਼ੀਲ ਮਾਮਲੇ ਨੂੰ ਹੱਲ ਕਰਵਾਉਣਗੇ ਅਤੇ ਇਸ ਸਬੰਧੀ ਵਿਜਲੈਂਸ ਜਾਂਚ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਆਰ.ਪੀ.ਸ਼ਰਮਾ ਬਲਾਕ ਪ੍ਰਧਾਨ, ਗੁਰਮੁੱਖ ਸਿੰਘ ਸੋਹਲ, ਹਰਪਾਲ ਸਿੰਘ ਬਰਾੜ, ਅਨੂੰ ਬੱਬਰ ਜ਼ਿਲਾ ਕੋਆਰਡੀਨੇਟਰ , ਇਕਬਾਲ ਸਿੰਘ ਸਰਪੰਚ, ਜਗਦੇਵ ਸ਼ਰਮਾ, ਸੁਖਵਿੰਦਰ ਸਿੰਘ ਸੁੱਖਾ, ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।


