Home » Uncategorized » ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਚੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਨਾ ਮੰਨਣ ‘ਤੇ ਪੰਜਾਬ ਆ ਰਿਹਾ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਵਿਰੁੱਧ ਕੀਤਾ ਜਾਵੇਗਾ ਸੂਬਾ ਪੱਧਰ ‘ਤੇ ਵਿਸ਼ਾਲ ਰੋਸ ਪ੍ਰਦਰਸ਼ਨ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਇੰਡੀਅਨ ਸਟੇਟ ਦੀਆਂ ਵੱਖ-ਵੱਖ ਜੇਲ੍ਹਾਂ ਚੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਨਾ ਮੰਨਣ ‘ਤੇ ਪੰਜਾਬ ਆ ਰਿਹਾ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਵਿਰੁੱਧ ਕੀਤਾ ਜਾਵੇਗਾ ਸੂਬਾ ਪੱਧਰ ‘ਤੇ ਵਿਸ਼ਾਲ ਰੋਸ ਪ੍ਰਦਰਸ਼ਨ : ਸਰਪ੍ਰਸਤ ਬਾਪੂ ਗੁਰਚਰਨ ਸਿੰਘ

ਕੌਮੀ ਇਨਸਾਫ ਮੋਰਚੇ ਦੇ ਪੰਡਾਲ ‘ਚ ਰੋਸ ਪ੍ਰਦਰਸ਼ਨ ਕਰਨ ਪ੍ਰਤੀ ਤਾਲਮੇਲ ਕਮੇਟੀ ਦੇ ਸੱਦੇ ‘ਤੇ 13 ਮਾਰਚ ਨੂੰ ਹੋ ਰਹੀ ਅਹਿਮ ਮੀਟਿੰਗ ‘ਚ ਵੱਡੇ ਪੱਧਰ ‘ਤੇ ਸੰਗਤਾਂ ਹੋਣ ਸ਼ਾਮਿਲ : ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ

ਚੰਡੀਗੜ੍ਹ 12 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਇੰਡੀਅਨ ਸਟੇਟ ਦੀ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਲਾਪਤਾ 328 ਸਰੂਪਾਂ, ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਨੂੰ ਲੈ ਕੇ ਨਵਾਂ ਕਾਨੂੰਨ ਬਣਾਉਣ ਸਬੰਧੀ ਸੱਤ ਫਰਵਰੀ 2023 ਤੋਂ ਲੱਗੇ ਕੌਮੀ ਇਨਸਾਨ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਅੱਜ ਇੱਕ ਹਗਾਮੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਕੇਂਦਰੀ ਗ੍ਰਿਹ ਮੰਤਰੀ ਜੋ 14 ਮਾਰਚ ਨੂੰ ਪੰਜਾਬ ਆ ਰਿਹਾ ਹੈ ਖਾਲਸਾ ਪੰਥ ਦੀਆਂ ਪੰਥ ਪੰਥਕ ਮੰਗਾਂ ਨਾਮ ਮੰਨਣ ਦੇ ਵਿਰੋਧ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ। ਜਿਸ ਵਿੱਚ ਪੰਜਾਬ ਭਰ ਤੋਂ ਪੰਥਕ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਦੇ ਆਗੂ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਪੰਥ ਹਮਦਰਦੀ ਸੰਗਤਾਂ ਵੱਡੇ ਪੱਧਰ ‘ਤੇ ਸ਼ਾਮਿਲ ਹੋ ਰਹੀਆਂ ਹਨ। ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਮੁੱਖ ਬੁਲਾਰਾ ਜਥੇਦਾਰ ਗੁਰਦੀਪ ਸਿੰਘ ਬਠਿੰਡਾ ਅਤੇ ਕਿਸਾਨ ਆਗੂ ਬੰਦੀ ਸਿੰਘ ਬਲਜੀਤ ਸਿੰਘ ਭਾਊ ਨੇ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਨੂੰ ਲੱਗੇ ਨੂੰ ਤਿੰਨ ਸਾਲ ਤੋਂ ਉੱਪਰ ਸਮਾਂ ਬੀਤ ਗਿਆ ਹੈ। ਪਰੰਤੂ ਕੇਂਦਰ ਅਤੇ ਪੰਜਾਬ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਹੋਰ ਪੰਥਕ ਮੰਗਾਂ ਨੂੰ ਲੈ ਕੇ ਗੰਭੀਰ ਨਹੀਂ ਹਨ। ਇਸ ਲਈ ਵਾਰ-ਵਾਰ ਸਿੱਖ ਕੌਮ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਧਰਨੇ, ਰੋਸ ਪ੍ਰਦਰਸ਼ਨ ਅਤੇ ਪੰਥਕ ਇਕੱਠ ਕਰਕੇ ਬਾਰ ਬਰ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲਾਇਆ ਗਿਆ ਉਹਨਾਂ ਨੂੰ ਤੁਰੰਤ ਮੰਨਿਆ ਜਾਵੇ। ਉਹਨਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਪੰਜਾਬ ਦੇ ਗਵਰਨਰ ਨੂੰ ਵੀ ਮੰਗ ਪੱਤਰ ਦਿੱਤਾ ਗਿਆ। ਪ੍ਰੰਤੂ ਅੱਜ ਤੱਕ ਸਿੱਖ ਕੌਮ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ। ਇਸ ਕਰਕੇ ਹੀ ਉਹਨਾਂ ਨੂੰ ਵਾਰ-ਵਾਰ ਰੋਸ ਪ੍ਰਦਰਸ਼ਨ ਧਰਨੇ ਅਤੇ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਇਨਸਾਫ ਲੈਣ ਲਈ ਪੰਥਕ ਇਕੱਠ ਕੀਤੇ ਜਾਂਦੇ ਹਨ। ਜਿਸ ਵਿੱਚ ਵੱਡੇ ਪੱਧਰ ‘ਤੇ ਇਨਸਾਫ ਪਸੰਦ ਲੋਕ ਅਤੇ ਸੰਗਤਾਂ ਸ਼ਾਮਿਲ ਹੁੰਦੀਆਂ ਹਨ। ਪਰੰਤੂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਸਿਰਫ ਇੱਕ ਹੀ ਬਹਾਨਾ ਹੈ ਕਿ ਜੇਕਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਪੰਜਾਬ ਦਾ ਮਾਹੌਲ ਵਿਗੜੇਗਾ। ਉਹਨਾਂ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਦੀ ਪ੍ਰਾਪਤੀ ਇਹ ਹੈ ਕਿ ਤਿੰਨ ਬੰਦੀ ਸਿੰਘਾਂ ਨੂੰ ਜਮਾਨਤ ‘ਤੇ ਰਿਹਾਅ ਕਰਾਇਆ ਗਿਆ ਹੈ ਜੋ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਜਿਦਗੀ ਬਤੀਤ ਕਰ ਰਹੇ ਹਨ। ਉਹਨਾਂ ਦੇ ਬਾਹਰ ਆਉਣ ਨਾਲ ਪੰਜਾਬ ਦਾ ਮਾਹੌਲ ਬਿਲਕੁਲ ਖਰਾਬ ਨਹੀਂ ਹੋਇਆ ਅਤੇ ਇਸੇ ਤਰ੍ਹਾਂ ਸਜਾਵਾਂ ਪੂਰੀਆਂ ਕਰ ਚੁੱਕੇ ਰਹਿੰਦੇ ਬੰਦੀ ਸਿੰਘ ਰਿਹਾਅ ਕੀਤੇ ਜਾਂਦੇ ਹਨ ਤਾਂ ਪੰਜਾਬ ਦਾ ਮਾਹੌਲ ਵਿਗੜੇਗਾ ਨਹੀਂ ਸਗੋਂ ਪੰਜਾਬ ਦੇ ਵਿੱਚ ਹੋ ਰਹੀਆਂ ਕਰੀਮੀਨਲ ਵਾਰਦਾਤਾਂ ਨੂੰ ਠੱਲ ਪੈ ਜਾਵੇਗੀ। ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਦਾ ਸਿੱਖ ਕੌਮ ਪ੍ਰਤੀ ਵਿਵਹਾਰ ਇਤਨਾ ਵਿਤਕਰੇ ਵਾਲਾ ਹੈ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਪਰੋਲ ਵਗੈਰਾ ਵੀ ਨਹੀਂ ਦਿੱਤੀ ਜਾ ਰਹੀ। ਜਦੋਂ ਕਿ ਸੌਦਾ ਸਾਧ ਰਾਮ ਰਹੀਮ ਵਰਗੇ ਕਾਤਲ ਅਤੇ ਬਲਾਤਕਾਰੀ ਸਾਧਾਂ ਨੂੰ 30-40 ਦਿਨਾਂ ਦੀ ਪੈਰੋਲ ਹਰ ਅੱਠ-ਦਸ ਮਹੀਨਿਆਂ ਬਾਅਦ ਅਨੇਕਾਂ ਵਾਰ ਦੇ ਦਿੱਤੀ ਜਾਂਦੀ ਹੈ। ਜਿਨ੍ਹਾਂ ਵੱਲੋਂ ਪੰਜਾਬ ਦਾ ਮਾਹੌਲ ਅਨੇਕਾਂ ਵਾਰ ਖਰਾਬ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਖਾਲਸਾ ਪੰਥ ਹਰ ਧਰਮ ਦਾ ਸਤਿਕਾਰ ਕਰਦਾ ਹੈ। ਪਰ ਜਦੋਂ ਵੀ ਕਿਸੇ ਵੀ ਧਰਮ ਦੇ ਲੋਕਾਂ ਉੱਤੇ ਕੋਈ ਵੀ ਭੀੜ ਬਣਦੀ ਹੈ ਤਾਂ ਸਿੱਖ ਕੌਮ ਹਰ ਔਖੀ ਘੜੀ ਵਿੱਚ ਉਹਨਾਂ ਦਾ ਸਹਿਯੋਗ ਅਤੇ ਹਰ ਤਰ੍ਹਾਂ ਦੀ ਮਦਦ ਕਰਦੀ ਹੈ। ਪ੍ਰੰਤੂ ਹਿੰਦੂ ਬਹੁਗਿਣਤੀ ਦੀਆਂ ਹੰਕਾਰੀ ਸਰਕਾਰਾਂ ਨੇ ਸਿੱਖ ਕੌਮ ਨਾਲ 1947 ਤੋਂ ਲੈ ਕੇ ਅੱਜ ਤੱਕ ਬੇਇਨਸਾਫੀ ਹੀ ਕੀਤੀ ਹੈ ਅਤੇ ਕਰ ਰਹੀ ਹੈ। ਜਿਸ ਤੋਂ ਇਨਸਾਫ ਲੈਣ ਲਈ ਸਿੱਖ ਕੌਮ ਹਮੇਸ਼ਾ ਸੰਘਰਸ਼ ਦੇ ਰਾਹ ‘ਤੇ ਤੁਰੀ ਹੋਈ ਹੈ। ਇਨਸਾਫ ਕਦੋਂ ਮਿਲੇਗਾ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਪਰੰਤੂ ਖਾਲਸਾ ਪੰਥ ਨੇ ਰਾਜ ਕੀਤਾ ਹੈ ਅਤੇ ਰਾਜ ਕਰਨ ਵਾਲੀ ਕੌਮ ਕਦੇ ਗੁਲਾਮ ਨਹੀਂ ਰਹਿ ਸਕਦੀ ਅਤੇ ਸਿੱਖ ਕੌਮ ਨਾ ਹੀ ਗੁਲਾਮ ਰਹੇਗੀ। ਆਜ਼ਾਦੀ ਲਈ ਸੰਘਰਸ਼ ਹਮੇਸ਼ਾ ਜਾਰੀ ਰਹੇਗਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਭਲੀਭਾਂਤ ਜਾਣਦੀਆਂ ਹਨ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਇਨਸਾਫ ਦੇਣ ਪ੍ਰਤੀ ਸਿੱਖ ਕੌਮ ਨਾਲ ਅੱਜ ਵੀ ਵਿਤਕਰਾ ਕਰ ਰਹੀਆਂ ਹਨ। ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਕਾਨੂੰਨ ਅਤੇ ਸੰਵਿਧਾਨ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਇਸੇ ਸਬੰਧੀ ਸਟੇਟ ਅਤੇ ਸੈਂਟਰ ਸਰਕਾਰਾਂ ਮੰਨਣ ਨੂੰ ਤਿਆਰ ਨਾ ਹੋਣ ਕਾਰਨ 14 ਮਾਰਚ ਨੂੰ ਪੰਜਾਬ ਆ ਰਿਹਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਸਬੰਧੀ ਕੌਮੀ ਇਨਸਾਫ ਮੋਰਚੇ ਵੱਲੋਂ 13 ਮਾਰਚ ਨੂੰ ਮੀਟਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ 1 ਵਜੇ ਪਿ੍ੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਦੇ ਸਮੂਹ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਕੌਮੀ ਮੁੱਦਿਆਂ ਦੀ ਅਵਾਜ਼ ਦੇਸ਼-ਵਿਦੇਸਾਂ ਤੱਕ ਪਹੁਚਾਉਣ ਲਈ ਆਪਣਾ ਅਹਿਮ ਰੋਲ ਨਿਭਾਉਣ।

Leave a Reply

Your email address will not be published. Required fields are marked *