Home » Uncategorized » ਦੇਸ਼ ਭਰ ‘ਚ ਸਭ ਤੋਂ ਵੱਧ ਯੂਰੇਨੀਅਮ ਪੰਜਾਬ ਦੇ ਧਰਤੀ ਹੇਠਲੇ ਪਾਣੀ ‘ਚ ਹੋ ਰਿਹਾ ਮਨੁੱਖੀ ਜੀਵਨ ਲਈ ਖਤਰਨਾਕ ਸਾਬਿਤ…

ਦੇਸ਼ ਭਰ ‘ਚ ਸਭ ਤੋਂ ਵੱਧ ਯੂਰੇਨੀਅਮ ਪੰਜਾਬ ਦੇ ਧਰਤੀ ਹੇਠਲੇ ਪਾਣੀ ‘ਚ ਹੋ ਰਿਹਾ ਮਨੁੱਖੀ ਜੀਵਨ ਲਈ ਖਤਰਨਾਕ ਸਾਬਿਤ…

ਆਰਸੈਨਿਕ ਦੀ ਮਾਤਰਾ ਵੀ ਤੈਅ ਸੀਮਾ ਤੋਂ ਕਿਤੇ ਵੱਧ…

ਚੰਡੀਗੜ੍ਹ 9 ਦਸੰਬਰ (ਮੰਗਤ ਸਿੰਘ ਸੈਦਪੁਰ) :

ਪੰਜਾਬ, ਹਰਿਆਣਾ, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਰਗੇ ਸੂਬਿਆਂ ਵਿੱਚ ਕਿਤੇ-ਕਿਤੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦਾ ਪੱਧਰ (30 ਪੀਪੀਬੀ (ਪਾਰਟਸ ਪਰ ਬਿਲੀਅਨ) ਤੈਅ ਸੀਮਾ ਤੋਂ ਵੱਧ) ਪਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਯੂਰੇਨੀਅਮ ਪ੍ਰਦੂਸ਼ਣ ਪੰਜਾਬ ਦੇ ਪਾਣੀ ਵਿੱਚ ਮਿਲਿਆ ਹੈ। ਪੰਜਾਬ ਵਿੱਚ ਮਾਨਸੂਨ ਤੋਂ ਪਹਿਲਾਂ ਦੇ ਪਾਣੀ ਦੇ ਨਮੂਨਿਆਂ ‘ਚ ਯੂਰੇਨੀਅਮ ਪੱਧਰ 53.04% ਅਤੇ ਮਾਨਸੂਨ ਤੋਂ ਬਾਅਦ ਪਾਣੀ ਵਿੱਚ 62.50% ਵੱਧ ਪਾਇਆ ਗਿਆ।…ਇਸ ਦੇ ਨਾਲ ਹੀ ਗੁਆਂਢੀ ਸੂਬੇ ਹਰਿਆਣਾ ਵਿੱਚ ਮਾਨਸੂਨ ਤੋਂ ਪਹਿਲਾਂ ਦੇ ਪਾਣੀ ਦੇ ਨਮੂਨਿਆਂ ‘ਚ ਯੂਰੇਨੀਅਮ ਪੱਧਰ 15% ਅਤੇ ਮਾਨਸੂਨ ਤੋਂ ਬਾਅਦ 23.75% ਵੱਧ ਮਿਲਿਆ। ਬੀਬੀਸੀ ਵਿੱਚ ਛਪੀ ਰਿਪੋਰਟ ਅਨੁਸਾਰ ਰਾਜਧਾਨੀ ਦਿੱਲੀ (13–15.66%), ਕਰਨਾਟਕ (6–8%), ਅਤੇ ਉੱਤਰ ਪ੍ਰਦੇਸ਼ (5–6%) ਵਿੱਚ ਵੀ ਉੱਚ ਪੱਧਰ ਪਾਏ ਗਏ। ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਦਰਮਿਆਨਾ ਪ੍ਰਦੂਸ਼ਣ ਦੇਖਿਆ ਗਿਆ, ਜਦਕਿ ਜ਼ਿਆਦਾਤਰ ਹੋਰ ਸੂਬਿਆਂ ਵਿੱਚ ਯੂਰੇਨੀਅਮ ਪੱਧਰ ਸੁਰੱਖਿਅਤ ਸੀਮਾਵਾਂ ਦੇ ਅੰਦਰ ਸਨ। ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਦੇਸ਼ ਭਰ ਦੇ ਸੂਬਿਆਂ ਵਿੱਚੋਂ ਸਭ ਤੋਂ ਜ਼ਿਆਦਾ ਪਾਈ ਗਈ ਹੈ। ਇਹ ਅੰਕੜੇ, ਕੇਂਦਰੀ ਭੂਮੀਗਤ ਜਲ ਬੋਰਡ ਦੀ ਸਾਲਾਨਾ ਭੂਮੀਗਤ ਜਲ ਗੁਣਵੱਤਾ ਰਿਪੋਰਟ 2025 ਵਿੱਚ ਸ਼ਾਮਲ ਕੀਤੇ ਗਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਯੂਰੇਨੀਅਮ ਪ੍ਰਦੂਸ਼ਣ ਸੰਭਾਵਤ ਤੌਰ ‘ਤੇ ਭੂ-ਵਿਗਿਆਨਕ ਕਾਰਕਾਂ, ਭੂਮੀਗਤ ਪਾਣੀ ਦੀ ਕਮੀ, ਅਤੇ ਐਕਵਿਫਰ ਵਿਸ਼ੇਸ਼ਤਾਵਾਂ ਕਾਰਨ ਹੋ ਸਕਦਾ ਹੈ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿੱਚੋਂ ਅੱਧੇ ਤੋਂ ਵੱਧ ਨਮੂਨਿਆਂ ਵਿੱਚ ਯੂਰੇਨੀਅਮ ਦਾ ਪੱਧਰ ਸੁਰੱਖਿਅਤ ਸੀਮਾ ਤੋਂ ਵੱਧ ਪਾਇਆ ਗਿਆ। ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਧਰਤੀ ਹੇਠਲੇ ਪਾਣੀ ਦੇ ਕੁੱਲ 3,754 ਨਮੂਨੇ ਲਏ ਗਏ ਸਨ। ਰਿਪੋਰਟ ਅਨੁਸਾਰ ਯੂਰੇਨੀਅਮ ਦੇ ਪੱਧਰ, ਮਾਨਸੂਨ ਤੋਂ ਪਹਿਲਾਂ 6.71% ਅਤੇ ਮਾਨਸੂਨ ਤੋਂ ਬਾਅਦ 7.91% ਨਮੂਨਿਆਂ ਵਿੱਚ 30 ਪੀਪੀਬੀ ਦੀ ਸੁਰੱਖਿਅਤ ਸੀਮਾ ਤੋਂ ਉੱਪਰ ਪਾਏ ਗਏ, ਜੋ ਕਿ ਬਾਰਿਸ਼ ਤੋਂ ਬਾਅਦ ਮਾਮੂਲੀ ਵਾਧਾ ਦਰਸਾਉਂਦੇ ਹਨ।

ਤਸਵੀਰ ਸਰੋਤ,

ਰਿਪੋਰਟ ਮੁਤਾਬਕ, ਅਸਾਮ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਭਾਰਤੀ ਸੂਬਿਆਂ ਵਿੱਚ ਭੂਮੀਗਤ ਪਾਣੀ ਵਿੱਚ ਆਰਸੈਨਿਕ ਪ੍ਰਦੂਸ਼ਣ ਦੀ ਰਿਪੋਰਟ ਕੀਤੀ ਗਈ ਹੈ। ਆਰਸੈਨਿਕ ਗੰਦਗੀ ਦੀ ਮੌਜੂਦਗੀ ਦਾ ਮੁਲਾਂਕਣ ਕਰਨ ਲਈ 32 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 3,415 ਭੂਮੀਗਤ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਮੁੱਖ ਤੌਰ ‘ਤੇ ਇੰਡੋ-ਗੰਗਾ ਐਲੂਵੀਅਲ ਮੈਦਾਨਾਂ (ਹੜ੍ਹ ਵਾਲੇ ਮੈਦਾਨਾਂ) ਵਿੱਚ ਆਰਸੈਨਿਕ ਦੀ ਮੌਜੂਦਗੀ ਤੈਅ ਸੀਮਾ (>10 ਪੀਪੀਬੀ) ਤੋਂ ਵੱਧ ਪਾਈ ਗਈ। ਆਰਸੈਨਿਕ ਦਾ ਪੱਧਰ ਪੱਛਮੀ ਬੰਗਾਲ ਵਿੱਚ 19.5% – 15.7%, ਪੰਜਾਬ ਵਿੱਚ 9.1% – 9.5% ਅਤੇ ਉੱਤਰ ਪ੍ਰਦੇਸ਼ ਵਿੱਚ 3.8% – 4.2% ਵੱਧ ਪਾਇਆ ਗਿਆ। ਇਹ ਅੰਕੜੇ ਮਾਨਸੂਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਏ ਗਏ ਪਾਣੀ ਦੇ ਨਮੂਨਿਆਂ ‘ਤੇ ਅਧਾਰਿਤ ਹਨ। ਇਸ ਤੋਂ ਇਲਾਵਾ ਸੀਸੇ ਦੀ ਮੌਜੂਦਗੀ ਵੀ ਮੁੱਖ ਤੌਰ ‘ਤੇ ਅਸਮ, ਓਡੀਸ਼ਾ, ਰਾਜਸਥਾਨ, ਪੰਜਾਬ ਅਤੇ ਤਾਮਿਲਨਾਡੂ ਦੀਆਂ ਕੁਝ ਥਾਵਾਂ ‘ਤੇ ਮਿਲੀ। ਰਾਜਸਥਾਨ, ਹਰਿਆਣਾ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਸੂਬਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਨਾਈਟ੍ਰੇਟ ਦੀ ਮਾਤਰਾ ਵੀ ਪਾਈ ਗਈ ਹੈ। ਡਬਲਿਊਐੱਚਓ ਅਤੇ ਬੀਆਈਐੱਸ ਮੁਤਾਬਕ ਪਾਣੀ ‘ਚ ਆਰਸੈਨਿਕ ਦੀ ਮਾਤਰਾ 0.05 ਮਿਲੀਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ।…..ਜਦੋਂ ਸੁਰੱਖਿਅਤ ਮਾਤਰਾ ਤੋਂ ਵੱਧ ਅਜਿਹੇ ਰਸਾਇਣ ਸਾਡੇ ਸਰੀਰ ‘ਚ ਦਾਖਲ ਹੁੰਦੇ ਨੇ ਤਾਂ ਉਹ ਬਿਮਾਰੀਆਂ ਦਾ ਘਰ ਬਣਦੇ ਹਨ। ਅਜਿਹੇ ਤੱਤਾਂ ਦੀ ਲਗਾਤਾਰ ਖ਼ਪਤ ਨਾਲ ਗੁਰਦੇ, ਜਿਗਰ ਦੇ ਰੋਗ, ਬਾਂਝਪਣ, ਇੱਥੋਂ ਤੱਕ ਕਿ ਕੈਂਸਰ ਵਰਗੀਆਂ ਸਮੱਸਿਆਵਾ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।ਡਾਕਟਰ ਰਾਜੀਵ ਦੇਵਗਨ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਹਨ। ਉਹ ਦੱਸਦੇ ਹਨ, “ਮੁੱਖ ਤੌਰ ‘ਤੇ ਖਾਣ-ਪੀਣ ਅਤੇ ਜੀਵਨਸ਼ੈਲੀ ‘ਚ ਆ ਰਹੇ ਬਦਲਾਅ ਦੇ ਨਾਲ ਜਦੋਂ ਮਨੁੱਖੀ ਸਰੀਰ ਵਧੇ ਪ੍ਰਦੂਸ਼ਣ ਦੀ ਮਾਰ ਝੱਲਦਾ ਹੈ ਤਾਂ ਇਨ੍ਹਾਂ ਬਿਮਾਰੀਆਂ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਲੰਬੇ ਸਮੇਂ ਤੱਕ ਪ੍ਰਦੂਸ਼ਿਤ ਪਾਣੀ ਪੀਣ ਨਾਲ ਸਿਹਤ ‘ਤੇ ਮਾੜਾ ਅਸਰ ਪੈਣਾ ਲਾਜ਼ਮੀ ਹੈ।” ਡਾ. ਏ. ਸ਼ਰੀਫ਼, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਦੇ ਕਲੀਨਿਕਲ ਈਕੋਟੌਕਸਿਕਲੋਜੀ ਡਾਇਗਨੌਸਟਿਕ ਐਂਡ ਰਿਸਰਚ ਫਸੀਲਿਟੀ ਦੇ ਸੰਸਥਾਪਕ ਅਤੇ ਸਰੀਰ ਵਿਗਿਆਨ ਵਿਭਾਗ ਦੇ ਮੁਖੀ ਹਨ। ਉਹ ਇਸ ਦੇ ਪਿੱਛੇ ਮਨੁੱਖੀ ਅਤੇ ਕੁਦਰਤੀ ਕਾਰਨ ਮੰਨਦੇ ਹਨ। ਡਾਕਟਰ ਏ ਸ਼ਰੀਫ਼ ਅਨੁਸਾਰ ਇਹ ਰਸਾਇਣ ਪਹਾੜੀ ਇਲਾਕਿਆਂ ਤੋਂ ਆ ਰਹੇ ਪਾਣੀ ਦੇ ਨਾਲ ਮੈਦਾਨੀ ਇਲਾਕਿਆਂ ‘ਚ ਵੱਡੀ ਮਾਤਰਾ ਨਾਲ ਜਮ੍ਹਾਂ ਹੋ ਜਾਂਦੇ ਹਨ। ਇਹ ਪ੍ਰਦੂਸ਼ਿਤ ਪਾਣੀ ਦਾ ਕੁਦਰਤੀ ਸਰੋਤ ਹੈ। ਪਰ ਪੰਜਾਬ ‘ਚ ਕਿਸਾਨਾਂ ਵਲੋਂ ਖੇਤੀਬਾੜੀ ਲਈ ਕੀਟਨਾਸ਼ਕ ਅਤੇ ਖ਼ਾਦ ਦੀ ਬਹੁਤ ਜ਼ਿਆਦਾ ਮਾਤਰਾ ‘ਚ ਵਰਤੋਂ ਕੀਤੀ ਜਾਂਦੀ ਹੈ। ਇਹ ਰਸਾਇਣ ਪਾਣੀ ‘ਚ ਘੁਲ ਕੇ ਉਸ ਨੂੰ ਪ੍ਰਦੂਸ਼ਿਤ ਬਣਾਉਂਦੇ ਹਨ। ਡਾ. ਸ਼ਰੀਫ਼ ਅੱਗੇ ਦੱਸਦੇ ਹਨ, “ਕਿਉਂਕਿ ਪੰਜਾਬ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਬਹੁਤ ਡੂੰਘਾ ਹੋ ਗਿਆ ਹੈ, ਇਸ ਕਰਕੇ ਪਾਣੀ ਬਹੁਤ ਡੂੰਘਾਈ ‘ਚੋ ਕੱਢਿਆ ਜਾ ਰਿਹਾ ਹੈ। ਬਹੁਤ ਜ਼ਿਆਦਾ ਡੂੰਘਾਈ ‘ਚੋ ਨਿਕਲੇ ਪਾਣੀ ਵਿੱਚ ਆਮਤੌਰ ‘ਤੇ ਇਨ੍ਹਾਂ ਤੱਤਾਂ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ।” ਉਨ੍ਹਾਂ ਨੇ ਅੱਗੇ ਦੱਸਿਆ ਕਿ ਅਜਿਹਾ ਪਾਣੀ ਪੀਣ ਨਾਲ ਸਰੀਰ ‘ਤੇ ਇੱਕੋ ਦਮ ਕੋਈ ਅਸਰ ਨਹੀਂ ਆਉਂਦਾ, ਪਰ ਕਿਉਂਕਿ ਇਸਦਾ ਸੇਵਨ ਰੋਜ਼ਾਨਾ ਕੀਤਾ ਜਾ ਰਿਹਾ ਹੈ, ਹੌਲੀ ਹੌਲੀ ਇਹ ਤੱਤ ਸਾਡੇ ਸਰੀਰ ‘ਚ ਜਮ੍ਹਾ ਹੁੰਦੇ ਜਾਂਦੇ ਹਨ ਅਤੇ ਰੋਗਾਂ ਦੇ ਖ਼ਦਸ਼ੇ ਨੂੰ ਵਧਾਉਂਦੇ ਹਨ। ਇਸ ਸਬੰਧੀ ਦੇਸ਼ ਭਰ ਚ ਰੋਕਥਾਮ ਲਈ ਕੀ ਕੀ ਉਪਰਾਲੇ ਕੀਤੇ ਜਾ ਰਹੇ ਹਨ ਫਿਲਹਾਲ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਧਰਤੀ ਹੇਠਲੇ ਪਾਣੀ ਵਿੱਚ ਫੈਲ ਰਹੀ ਜਹਿਰ ਮਨੁੱਖੀ ਜੀਵਨ ਲਈ ਵੱਡੇ ਪੱਧਰ ਤੇ ਖਤਰਨਾਕ ਸਾਬਤ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵੱਧ ਹੋਰ ਖਤਰੇ ਤੱਕ ਪਹੁੰਚ ਜਾਵੇਗੀ ਜੋ ਮਨੁੱਖੀ ਜੀਵਨ ਨੂੰ ਸਿਹਤ ਪੱਖੋਂ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰੇਗੀ।

Leave a Reply

Your email address will not be published. Required fields are marked *