Home » Uncategorized » ਪੰਜਾਬ ‘ਚ 10 ਲੱਖ ਰੁਪਏ ਦੇ ਮੁਫਤ ਸਿਹਤ ਬੀਮਾ ਕਾਰਡ ਦੇ ਰਜਿਸਟਰੇਸ਼ਨ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਅੱਜ ਕੀਤੀ ਜਾਵੇਗੀ ਸ਼ੁਰੂ : ਮੁੱਖ ਮੰਤਰੀ ਪੰਜਾਬ

ਪੰਜਾਬ ‘ਚ 10 ਲੱਖ ਰੁਪਏ ਦੇ ਮੁਫਤ ਸਿਹਤ ਬੀਮਾ ਕਾਰਡ ਦੇ ਰਜਿਸਟਰੇਸ਼ਨ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਅੱਜ ਕੀਤੀ ਜਾਵੇਗੀ ਸ਼ੁਰੂ : ਮੁੱਖ ਮੰਤਰੀ ਪੰਜਾਬ


ਚੰਡੀਗੜ੍ਹ 22 ਸਤੰਬਰ (ਮੰਗਤ ਸਿੰਘ ਸੈਦਪੁਰ) :

ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਚ 10 ਲੱਖ ਦੇ ਸਿਹਤ ਬੀਮੇ ਦੀ ਸ਼ੁਰੂਆਤ ਕਰਨ ਲਈ ਵੱਡੇ ਪੱਧਰ ‘ਤੇ ਇਸਤਿਹਾਰ ਅਤੇ ਫਲੈਕਸ ਬੋਰਡ ਲੱਗੇ ਹੋਏ ਦੇਖੇ ਜਾ ਰਹੇ ਸਨ। ਪਰੰਤੂ ਅੱਜ ਇਹ ਸਪਸ਼ਟ ਹੋਇਆ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਲਾਨੀ ਚੰਗੀਆਂ ਸਿਹਤ ਸਹੂਲਤਾਂ ਮੁਹਿੰਮ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਬੀਮਾ ਯੋਜਨਾ ਦੀ ਸ਼ੁਰੂਆਤ ਸਬੰਧੀ ਸਾਰੀ ਕਾਗਜ਼ੀ ਕਾਰਵਾਈ ਦੀ ਪ੍ਰੀਕਿਰਿਆ ਅੱਜ 23 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ 2 ਅਕਤੂਬਰ ਤੋਂ ਲਾਗੂ ਹੋਣ ਵਾਲੀ ਇਸ ਸਕੀਮ ਲਈ ਸਰਕਾਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਹਲਕਾ ਬਰਨਾਲਾ ਅਤੇ ਤਰਨ ਤਾਰਨ ਤੋਂ ਸ਼ੁਰੂਆਤ ਕੀਤੀ ਹੈ। ਇਸ ਕਾਰਵਾਈ ਨੂੰ ਪੂਰਾ ਹੋਣ ਵਿੱਚ 2 ਤੋਂ 3 ਦਿਨ ਲੱਗ ਸਕਦੇ ਹਨ, ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੱਲ੍ਹ ਤੋਂ ਬਰਨਾਲਾ ਅਤੇ ਤਰਨਤਾਰਨ ‘ਚ ਲਗਾਏ ਜਾ ਰਹੇ ਕੈਂਪਾਂ ‘ਚ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ। ਪੰਜਾਬ ਦੀ 3 ਕਰੋੜ ਦੀ ਆਬਾਦੀ ਹੈ। 65 ਲੱਖ ਦੇ ਕਰੀਬ ਪਰਿਵਾਰ ਇਸ ਸਕੀਮ ਵਿੱਚ ਜੋੜੇ ਜਾਣਗੇ। ਇਸ ਸਕੀਮ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ ਵਿੱਚ ਵੀ ਮੁਫਤ ਇਲਾਜ ਲਾਭਪਾਤਰੀਆਂ ਦਾ ਕਰਵਾਏਗੀ। ਇਹ ਇਲਾਜ਼ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ, ਹਾਲਾਂਕਿ ਇਸ ਵਿੱਚ ਆਮਦਨ ਦੀ ਕੋਈ ਹੱਦ ਨਹੀਂ ਰੱਖੀ ਗਈ ਹੈ। ਹਰ ਪਰਿਵਾਰ ਦੇ ਮੈਂਬਰਾਂ ਉੱਤੇ ਵੀ ਕੋਈ ਰੋਕ ਨਹੀਂ ਹੈ। ਹਾਲਾਂਕਿ, ਆਯੁਸ਼ਮਾਨ ਯੋਜਨਾ ਦੇ ਨਾਲ ਪਹਿਲਾਂ ਹੀ ਜੁੜੇ ਹੋਏ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦਾ ਵੱਖ ਤੋਂ ਫਾਇਦਾ ਹੋਵੇਗਾ। ਪੰਜਾਬ ਸਰਕਾਰ ਇਸ ਸਕੀਮ ਵਿੱਚ 500 ਨਿੱਜੀ ਹਸਪਤਾਲਾਂ ਨੂੰ ਜੋੜੇਗੀ ਅਤੇ ਆਉਂਦੇ ਸਾਲਾਂ ਵਿੱਚ ਇਨ੍ਹਾਂ ਦੀ ਗਿਣਤੀ 1 ਹਜ਼ਾਰ ਕਰਨ ਦਾ ਟੀਚਾ ਹੈ। ਇਸ ਤਹਿਤ ‘ਪੰਜਾਬ ਦੇ ਹਰ ਪਰਿਵਾਰ ਦੇ ਮੈਂਬਰ ਨੂੰ 10 ਲੱਖ ਰੁਪਏ ਤੱਕ ਦੇ ਸਲਾਨਾ ਮੁਫਤ ਇਲਾਜ ਦੀ ਯੋਜਨਾ ਹੈ। ਇਸ ਸਬੰਧੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2025-26 ਬਜਟ ਦੇ ਲਈ 778 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਹਾਲਾਂਕਿ ਪੰਜਾਬ ਦੇ ਵਿੱਚ ਸਰਬੱਤ ਦਾ ਭਲਾ ਕਰਕੇ ਪਹਿਲਾਂ ਹੀ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ 5 ਲੱਖ ਰੁਪਏ ਤੱਕ ਦਾ ਸਰਕਾਰ ਇਲਾਜ ਕਰਵਾਉਂਦੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਸਾਡੀ ਪਹਿਲ, ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਦੇਣਾ, ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ। ਕੁਝ ਸਮਾਂ ਪਹਿਲਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ 10 ਲੱਖ ਦਾ ਸਿਹਤ ਬੀਮਾ ਦਿੱਤਾ ਜਾਵੇਗਾ। ਇਸ ਤਹਿਤ ਅਸੀਂ ਕੱਲ੍ਹ (23 ਸਤੰਬਰ) ਤੋਂ ਸ਼ੁਰੂ ਕਰ ਰਹੇ ਹਾਂ, ਬਰਨਾਲਾ ਅਤੇ ਤਰਨ ਤਾਰਨ ਵਿਖੇ 128 ਦੇ ਕਰੀਬ ਮੈਡੀਕਲ ਕੈਂਪ ਲੱਗਣਗੇ, ਜੋ ਕਿ 2 ਤੋਂ ਦਿਨ 3 ਦਿਨ ਤੱਕ ਚੱਲਣਗੇ। ਇਨ੍ਹਾਂ ਥਾਵਾਂ ‘ਤੇ ਲੋਕ ਸਕੀਮ ਦਾ ਫਾਇਦਾ ਲੈਣ ਲਈ ਪਹੁੰਚ ਸਕਦੇ ਹਨ। ਇਸ ਲਈ ਵਿਅਕਤੀ, ਪਾਸਪੋਰਟ, ਅਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਲੈਕੇ ਪਹੂੰਚ ਸਕਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੋਵੇਗੀ। ਇਸ ਪੂਰੀ ਕਾਰਵਾਈ ਨੂੰ 10 ਤੋਂ 12 ਦਿਨ ਲੱਗਣਗੇ। ਇਸ ਤੋਂ ਬਾਅਦ ਮੁੱਖ ਮੰਤਰੀ ਸਿਹਤ ਕਾਰਡ ਦਾ ਲਾਹਾ ਲੈ ਸਕੇਗਾ। ਇਸ ਨਾਲ ਲੋਕ 10 ਲੱਖ ਤੱਕ ਦੇ ਮੁਫਤ ਇਲਾਜ ਦੇ ਯੋਗ ਹੋ ਜਾਵੇਗਾ। ਇਸ ਸਕੀਮ ਤਹਿਤ ਸਰਕਾਰੀ ਨੌਕਰੀ ਕਰ ਰਹੇ ਮੁਲਾਜ਼ਮ ਹੋਣ ਜਾਂ ਫਿਰ ਕੋਈ ਆਂਗਣਵਾੜੀ ਵਰਕਰ ਹੋਣ, ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਕੋਈ ਲਿਮਟ ਨਹੀਂ ਹੈ ਕਿ ਸਿਰਫ ਇੱਕ ਜਾਂ ਦੋ ਵਿਅਕਤੀ ਹੀ ਲਾਭ ਲੈ ਸਕਦੇ ਹਨ, ਬਲਕਿ ਪਰਿਵਾਰ ਦਾ ਹਰ ਇੱਕ ਜੀਅ ਸਿਹਤ ਸਹੂਲਤ ਲੈ ਕਸਦਾ ਹੈ। ਜੇਕਰ ਕਿਸੇ ਦੀ ਰਜਿਸਟ੍ਰੇਸ਼ਨ ਰਹਿ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੋਵੇਗੀ, ਬਲਕਿ ਕਾਗਜ਼ਾਂ ਅਨੁਸਾਰ ਉਸ ਵਿਅਕਤੀ ਦਾ ਕਾਰਡ ਬਣਾ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਇਸ ਰਜਿਸਟ੍ਰੇਸ਼ਨ ਸਬੰਧੀ ਜਿਹੜੇ ਵੀ ਹਸਪਤਾਲ ਹੋਣਗੇ ਉਨ੍ਹਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਿਵਲ ਹਸਪਤਾਲ ਹੋਣ ਜਾਂ ਪ੍ਰਾਈਵੇਟ ਹਸਪਤਾਲ ਹੋਣ ਉਨ੍ਹਾਂ ਸਬੰਧੀ ਪੂਰੀ ਜਾਣਕਾਰੀ ਅਤੇ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ। ਸਕੀਮ ਤਹਿਤ ਵੱਧ ਤੋਂ ਵੱਧ ਪ੍ਰਾਈਵਟ ਹਸਪਤਾਲ ਜੋੜਨ ਦੀ ਕੋਸ਼ਿਸ਼ ਰਹੇਗੀ ਪਰ ਸਰਕਾਰੀ ਹਸਪਤਾਲ ਸਾਰੇ ਹੀ ਸ਼ਾਮਿਲ ਹੋਣਗੇ, ਚਾਹੇ ਉਹ ਕਿਸੇ ਵੀ ਸ਼ਹਿਰ ਜਾਂ ਪਿੰਡ ਵਿੱਚ ਹੋਣ। ਇਸ ਸਕੀਮ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾ ਬਣੀ ਹੋਈ ਸੀ ਪ੍ਰੰਤੂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਸਪਸ਼ਟ ਕਰ ਦਿੱਤਾ ਹੈ।

Leave a Reply

Your email address will not be published. Required fields are marked *