ਬੇਰੋਜ਼ਗਾਰ ਈਟੀਟੀ ਅਧਿਆਪਕ ਯੂਨੀਅਨ ਅਤੇ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਫੂਕਿਆ ਜਾਵੇਗਾ 1 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪੁਤਲਾ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਗਸਤ (ਮੰਗਤ ਸਿੰਘ ਸੈਦਪੁਰ) : ਬੇਰੁਜ਼ਗਾਰ ਈਟੀਟੀ 5994 ਅਧਿਆਪਕ ਯੂਨੀਅਨ ਦੇ ਸਮਰਥਨ ਦਾ ਐਲਾਨ ਕੀਤਾ ਸੀ ਤੇ ਉਹਨਾਂ ਦੇ ਹੱਕ ਵਿੱਚ ਬੋਲਦਿਆਂ ਐਸਸੀ/ਬੀਸੀ ਮਹਾ ਪੰਚਾਇਤ ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਵੱਲੋਂ ਕੀਤੇ ਗਏ ਹਰ ਇੱਕ ਸੰਘਰਸ਼ ਦਾ ਐਸਸੀ/ਬੀਸੀ ਮੋਰਚਾ ਪੂਰਨ ਸਮਰਥਨ ਕਰੇਗਾ। ਇਸੇ ਸਬੰਧੀ ਅੱਜ ਈਟੀਟੀ 5994 ਅਧਿਆਪਕ ਯੂਨੀਅਨ ਦਾ ਐਸਸੀ ਬੀਸੀ ਮੋਰਚੇ ਤੇ ਭਾਰੀ ਇਕੱਠ ਹੋਇਆ। ਜਿਸ ਵਿੱਚ ਯੂਨੀਅਨ ਦੇ ਵੱਖ-ਵੱਖ ਆਗੂਆਂ ਅਸ਼ੋਕ ਬਾਵਾ, ਬਲਵਿੰਦਰ ਸਿੰਘ ਕਾਕਾ ਤੇ ਕਰਮਜੀਤ ਕੌਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਪੰਜ ਦਿਨਾਂ ਤੋਂ ਸਰਕਾਰ ਤੇ ਪ੍ਰਸ਼ਾਸਨ ਦੇ ਲਾਰਿਆਂ ਨੂੰ ਸੁਣਦੇ ਆ ਰਹੇ ਹਾਂ। ਪਰ ਹੁਣ ਅੱਤ ਹੋ ਚੁੱਕੀ ਹੈ, ਅਸੀਂ ਆਪਣੇ ਘਰਾਂ ਨੂੰ ਛੱਡ ਕੇ ਮੋਹਾਲੀ ਆਪਣੇ ਹੱਕ ਮੰਗਣ ਲਈ ਸੜਕਾਂ ਤੇ ਰੁਲ ਰਹੇ ਹਾਂ। ਪਰ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਹੁਣ ਹੋਰ ਇੰਤਜ਼ਾਰ ਕਰਨਾ ਬਹੁਤ ਮੁਸ਼ਕਿਲ ਹੈ। ਇਸ ਲਈ ਅਸੀਂ ਅੱਜ ਤਿੱਖਾ ਸੰਘਰਸ਼ ਵਿੱਡਣ ਦਾ ਐਲਾਨ ਕਰਦੇ ਹਾਂ। ਜਿਸ ਦੀ ਸ਼ੁਰੂਆਤ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਦਾ ਪੁਤਲਾ ਮਿਤੀ 01 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 11:00 ਵਜੇ ਮੋਹਾਲੀ ਫੇਸ ਸੱਤ ਦੀਆਂ ਟਰੈਫਿਕ ਲਾਈਟਾਂ ‘ਤੇ ਫੂਕਕੇ ਇਸ ਸੰਘਰਸ਼ ਦਾ ਬਿਗਲ ਵਜਾਵਾਂਗੇ ਤੇ ਆਖਰੀ ਦਮ ਤੱਕ ਆਪਣੇ ਹੱਕਾਂ ਲਈ ਲੜਦੇ ਰਹਾਂਗੇ।
ਇਸ ਮੌਕੇ ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਅਧਿਆਪਕ ਦਾ ਪੁੱਤ ਅਧਿਆਪਕਾਂ ਤੇ ਆਏ ਦਿਨ ਅੱਤਿਆਚਾਰ ਕਰ ਰਿਹਾ ਹੈ। ਜਿਨਾਂ ਬੱਚੀਆਂ ਨੂੰ ਬਚਾਉਣ ਦੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਹਨ। ਇਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਕਾਰਜਕਾਲ ਵਿੱਚ ਉਹਨਾਂ ਬੱਚਿਆਂ ਦੀਆਂ ਗੁੱਤਾਂ ਪੁੱਟੀਆਂ ਜਾਂਦੀਆਂ ਹਨ, ਚੁੰਨੀਆਂ ਰੌਲੀਆਂ ਜਾਂਦੀਆਂ ਹਨ ਤੇ ਨੌਜਵਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ, ਉਹਨਾਂ ਦੀਆਂ ਪੱਗਾਂ ਪੈਰਾਂ ਵਿੱਚ ਰੋਲ ਕੇ ਉਹਨਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਦਾ ਕਸੂਰ ਸਿਰਫ ਇਹ ਹੈ ਕਿ ਉਹ ਪੜ੍ਹ ਲਿਖਕੇ ਨੌਕਰੀਆਂ ਮੰਗ ਰਹੇ ਹਨ। ਜੇ ਸਰਕਾਰ ਰੁਜ਼ਗਾਰ ਦਾ ਪ੍ਰਬੰਧ ਨਹੀਂ ਕਰ ਸਕਦੀ ਤਾਂ ਅਜਿਹੀ ਨਲਾਇਕ ਸਰਕਾਰ ਨੂੰ ਰਾਜ ਸਤਾ ਚ ਰਹਿਣ ਦਾ ਕੋਈ ਹੱਕ ਨਹੀਂ। ਸ. ਕੁੰਭੜਾ ਨੇ ਕਿਹਾ ਕਿ ਸਾਡਾ ਮੁੱਖ ਮੰਤਰੀ ਆਏ ਦਿਨ ਵੱਡੇ ਵੱਡੇ ਬੋਰਡ ਲਗਾ ਕੇ 50 ਹਜਾਰ ਨੌਕਰੀਆਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ। ਜਿਸਦੀ ਇਹ ਅਧਿਆਪਕ ਯੂਨੀਅਨ ਨੇ ਪੋਲ ਖੋਲ ਦਿੱਤੀ ਹੈ। ਉਹਨਾਂ ਕਿਹਾ ਕਿ 01 ਸਤੰਬਰ ਨੂੰ ਇਲਾਕੇ ਦੀਆਂ ਸਮੂਹ ਸਮਾਜਿਕ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਇਹਨਾਂ ਅਧਿਆਪਕਾਂ ਦੇ ਸਮਰਥਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦਾ ਸਾਥ ਦੇਣਗੀਆਂ।
ਇਸ ਮੌਕੇ ਮੋਰਚਾ ਦੇ ਸੀਨੀ. ਆਗੂ ਹਰਨੇਕ ਸਿੰਘ ਮਲੋਆ, ਸੀਨੀ. ਆਗੂ ਕਰਮ ਸਿੰਘ ਕੁਰੜੀ, ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਸੁਰਿੰਦਰ ਅਬੋਹਰ, ਮਨਦੀਪ ਕੁਮਾਰ, ਜਸਵਿੰਦਰ, ਵਿਜੇ ਅਬੋਹਰ, ਗੁਰਪ੍ਰੀਤ ਸਿੰਘ, ਸਰਬਜੀਤ ਪਿੰਡੀ, ਰਮਨ ਅਬੋਹਰ, ਕਰਨ ਗਰੂਹਰਸਾਏ, ਸਰਬਜੀਤ, ਗੁਰਪ੍ਰੀਤ ਬਾਜਵਾ, ਸੁਖਵਿੰਦਰ ਪਾਲ ਸੁਖੀ, ਵਿਸ਼ਾਲ ਕੰਬੋਜ, ਮੀਨੂ ਫਾਜਿਲਕਾ, ਜਸਪ੍ਰੀਤ ਮਾਨਸਾ, ਪ੍ਰਵੀਨ ਕੌਰ, ਬਲਜੀਤ ਸਿੰਘ, ਹਰਵਿੰਦਰ ਸਿੰਘ, ਕਰਮਜੀਤ ਸਿੰਘ, ਪੂਨਮ ਰਾਣੀ ਆਦਿ ਹਾਜ਼ਰ ਸਨ।


