ਚਰਨ ਗੰਗਾ ਦੇ ਕਿਨਾਰੇ ਤੇ ਦੀਵਾਰ ਕਰਨ ਅਤੇ ਲੋਕਾਂ ਦੇ ਬੈਠਣ ਲਈ ਸੀਮੈਂਟ ਦੇ ਬੈਂਚ ਰੱਖੇ ਜਾਣ ਦੀ ਵੀ ਕੀਤੀ ਮੰਗ

ਸ੍ਰੀ ਅਨੰਦਪੁਰ ਸਾਹਿਬ, 5 ਮਈ (ਦਵਿੰਦਰਪਾਲ ਸਿੰਘ): ਸ਼ਹਿਰ ਦੀਆਂ ਸਮਾਜ ਸੇਵੀ ਔਰਤਾਂ ਵਲੋਂ ਅੱਜ ਕੁੜੇ ਦੀ ਸਮੱਸਿਆ ਸਬੰਧੀ ਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰਬਰ 6 ਤੋਂ ਸਮਾਜ ਸੇਵੀ ਬੀਬੀ ਅਰਸ਼ਵਰਿੰਦਰ ਕੌਰ ਨੇ ਦੱਸਿਆ ਕਿ ਅੱਜ ਕੁੜੇ ਦੀ ਸਮੱਸਿਆ ਸਬੰਧੀ ਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਹਨਾਂ ਮੰਗ ਕੀਤੀ ਕਿ ਸਥਾਨਕ ਚਰਨ ਗੰਗਾ ਸਟੇਡੀਅਮ ਦੇ ਕੋਲ ਬਣੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਕੋਲ ਸੜਕ ਤੇ ਕੂੜੇ ਦੇ ਢੇਰ ਲੱਗੇ ਹੁੰਦੇ ਹਨ ਜਿਸ ਕਾਰਨ ਕੂੜੇ ਦੇ ਢੇਰਾਂ ਕੋਲ ਅਵਾਰਾ ਗਊਆਂ ਇਕੱਠੀਆਂ ਹੁੰਦੀਆਂ ਹਨ ਅਤੇ ਗੰਦਗੀ ਫੈਲਾਉਂਦੀਆਂ ਹਨ। ਉਹਨਾਂ ਕਿਹਾ ਕਿ ਮੁਹੱਲਾ ਫਤਿਹਗੜ ਸਾਹਿਬ ਅਤੇ ਮੁਹੱਲਾ ਬੜੀ ਸਰਕਾਰ ਦੇ ਲੋਕ ਚਾਹੁੰਦੇ ਹਨ ਕਿ ਉਸ ਜਗ੍ਹਾ ਤੇ ਕੂੜਾ ਸੁੱਟਣ ਲਈ ਕੁੜੇ ਦਾਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸੜਕ ਤੇ ਕੂੜੇ ਦਾ ਗੰਦ ਨਾ ਪਵੇ ਅਤੇ ਗੰਦਗੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਉਹਨਾਂ ਇਹ ਵੀ ਮੰਗ ਕੀਤੀ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਬੁੱਤ ਤੋਂ ਲੈ ਕੇ ਸਟੇਡੀਅਮ ਤੱਕ ਚਰਨ ਗੰਗਾ ਦੇ ਕਿਨਾਰੇ ਤੇ ਦੀਵਾਰ ਕੀਤੀ ਜਾਵੇ ਅਤੇ ਲੋਕਾਂ ਦੇ ਬੈਠਣ ਲਈ ਸੀਮੈਂਟ ਦੇ ਬੈਂਚ ਰੱਖੇ ਜਾਣ। ਇਸ ਮੌਕੇ ਉਹਨਾਂ ਨਾਲ ਸਰਬਜੀਤ ਕੌਰ, ਕੁਲਜੀਤ ਕੌਰ, ਇੰਦਰਜੀਤ ਕੌਰ ਆਦਿ ਹਾਜ਼ਰ ਸਨ।


