ਅੱਜ ਦੇ ਸਮੇਂ ‘ਚ ਸਾਂਝੇ ਪਰਿਵਾਰ (ਜੁਆਇੰਟ ਫੈਮਲੀਜ) ਵੇਖਣ ਨੂੰ ਬਹੁਤ ਘੱਟ ਮਿਲਦੇ ਹਨ। ਵਿਆਹ ਤੋਂ ਪਹਿਲਾਂ ਜਿਹੜੇ ਭਰਾ-ਭਰਾ ਆਪਣੇ ਮਾਪਿਆਂ ਨਾਲ ਇਕੱਠੇ ਰਹਿੰਦੇ ਹਨ। ਵਿਆਹ ਤੋਂ ਬਾਅਦ ਭਰਾ ਹੀ ਭਰਾ ਦਾ ਵਿਰੋਧੀ ਬਣ ਜਾਂਦੇ ਹਨ। ਇਥੋਂ ਤੱਕ ਕਿ ਇੱਕ ਦੂਜੇ ਦੀਆਂ ਜਾਇਦਾਦਾਂ ਹੜਪਣ ਲਈ ਲੜਦੇ ਭਿੜਦੇ ਰਹਿੰਦੇ ਹਨ ਅਤੇ ਲਾਲਚ ਬਸ ਮਾਂ ਪਿਓ ਨੂੰ ਵੀ ਇਕੱਲਿਆਂ ਛੱਡ ਦਿੰਦੇ ਹਨ। ਪ੍ਰੰਤੂ ਸਵਰਗੀ ਮਾਤਾ ਬਲਦੇਵ ਕੌਰ ਜੀ ਨੇ ਆਪਣੇ ਪਰਿਵਾਰ ਦੀ ਪਾਲਣ -ਪੋਸ਼ਣ ਇਸ ਤਰਹਾਂ ਕੀਤਾ ਕਿ ਅੱਜ ਵੀ ਉਸ ਦਾ ਪਰਿਵਾਰ ਸਾਂਝਾ ਪਰਿਵਾਰ (ਜੁਆਇੰਟ ਫੈਮਲੀ) ਹੈ। ਸਵਰਗੀ ਮਾਤਾ ਬਲਦੇਵ ਕੌਰ ਵੱਲੋਂ ਦਿੱਤੀਆਂ ਸਿੱਖਿਆਵਾਂ ਦੀ ਬਦੌਲਤ ਅੱਜ ਵੀ 14 ਮੈਂਬਰ ਸਾਂਝੇ ਪਰਿਵਾਰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਇਕੱਠੇ ਰਹਿ ਰਹੇ ਹਨ। ਬਹੁਤ ਹੀ ਸਤਿਕਾਰਯੋਗ ਮਾਤਾ ਬਲਦੇਵ ਕੌਰ ਜੀ 22 ਅਪ੍ਰੈਲ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਅੱਜ 30 ਅਪ੍ਰੈਲ 2025 ਦਿਨ ਬੁੱਧਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 11 ਵਜੇ ਤੋਂ 12 .30 ਵਜੇ ਤੱਕ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆਰੰਭੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਮਾਤਾ ਬਲਦੇਵ ਕੌਰ ਜੀ ਦੇ ਨਮਿੱਤ ਅੰਤਿਮ ਅਰਦਾਸ ਹੋਵੇਗੀ। ਸਵਰਗੀ ਮਾਤਾ ਬਲਦੇਵ ਕੌਰ ਜੀ ਦੇ ਪਤੀ ਸਰਦਾਰ ਅਜਮੇਰ ਸਿੰਘ ਬੈਦਵਾਣ ਸੋਹਾਣਾ ਨੇ ਦੱਸਿਆ ਕਿ ਪਿੰਡ ਘੜੂੰਆਂ ਵਿੱਚ ਪਿਤਾ ਸਵਰਗੀ ਸ. ਚੇਤ ਸਿੰਘ ਅਤੇ ਮਾਤਾ ਸਵਰਗੀ ਭੁੱਲੀ ਕੌਰ ਦੇ ਘਰ ਜਨਮੇ ਸਵ. ਬਲਦੇਵ ਕੌਰ ਦਾ ਵਿਆਹ 15 ਕੁ ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨਾਲ ਪਿੰਡ ਸੋਹਾਣਾ ਵਿਖੇ ਹੋਇਆ ਸੀ। ਉਹਨਾਂ ਦੇ ਚਾਰ ਭਰਾ ਅਤੇ ਤਿੰਨ ਭੈਣਾਂ ਹਨ। ਜਿਨਾਂ ਵਿੱਚੋਂ ਉਹਨਾਂ ਦੇ ਇੱਕ ਭਰਾ ਵੀ ਸਵਰਗਵਾਸ ਹੋ ਗਿਆ ਸੀ। ਉਹਨਾਂ ਦੱਸਿਆ ਕਿ ਸਵ. ਬਲਦੇਵ ਕੌਰ ਜੀ ਮੁੱਢ ਤੋਂ ਹੀ ਬਹੁਤ ਹੀ ਸਮਝਦਾਰ, ਸਹਿਣਸ਼ੀਲਤਾ ਵਾਲੇ ਸਹਿਜ ਸੁਭਾਅ, ਹਰ ਇੱਕ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲੇ ਅਤੇ ਘਰੇਲੂ ਜਿੰਮੇਵਾਰੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਂਣ, ਸਾਰਿਆਂ ਨਾਲ ਹੀ ਮਿੱਠਾ ਬੋਲਣ ਵਾਲੀ ਅਹਿਮ ਸ਼ਖਸੀਅਤ ਦੇ ਮਾਲਕ ਸਨ। ਸਵ. ਬਲਦੇਵ ਕੌਰ ਜੀ ਨੇ ਪਰਿਵਾਰ ਦੀ ਜਿੰਮੇਵਾਰੀ ਸਮਝਦਿਆਂ ਹਰ ਪੱਖੋਂ ਅਗਵਾਈ ਕੀਤੀ। ਸਾਂਝਾ ਪਰਿਵਾਰ ਹੋਣ ਕਰਕੇ ਸਭ ਨੂੰ ਬਰਾਬਰ ਹੱਕ ਹੱਕ ਦਿੰਦੇ ਸਨ। ਸਵ. ਬਲਦੇਵ ਕੌਰ ਜੀ ਨੇ ਆਪਣੇ ਪਰਿਵਾਰ ਨੂੰ ਉਹਨਾਂ ਲੀਹਾਂ ‘ਤੇ ਤੋਰਿਆ ਕਿ ਉਹਨਾਂ ਦਾ ਪਰਿਵਾਰ ਸਮਾਜ ਲਈ ਹਰ ਪੱਖੋਂ ਇੱਕ ਵਿਲੱਖਣ ਮਿਸਾਲ ਬਣੇ। ਬਹੁਤ ਘੱਟ ਪਰਿਵਾਰ ਇਹੋ ਜਿਹੇ ਹਨ ਕਿ ਚਾਰ ਜੀਅ ਵੀ ਫੁੱਟ ਦਾ ਸ਼ਿਕਾਰ ਹੋ ਕੇ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ। ਪਰੰਤੂ ਸਵ. ਬਲਦੇਵ ਕੌਰ ਜੀ ਨੇ ਆਪਣੇ ਪਰਿਵਾਰ ਨੂੰ ਇੱਕਜਟ ਰੱਖ ਕੇ ਸਮਾਜ ਵਿਚ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ। ਜੇਕਰ ਘਰ ਵਿੱਚ ਸੀਨੀਅਰ ਆਗੂ ਜਾਂ ਘਰ ਦੇ ਅਗਵਾਈ ਕਰਨ ਵਾਲਾ ਮੈਂਬਰ ਵਧੀਆ ਹੋਵੇ ਤਾਂ ਕਦੇ ਵੀ ਘਰ ਵਿਖੜਦੇ ਨਹੀਂ ਸਗੋਂ ਜੁੜਦੇ ਹਨ। ਦੁਨੀਆਂ ਦੇ ਵਿੱਚ ਇਹੋ ਜਿਹੀ ਅਹਿਮ ਅਤੇ ਵਿਲੱਖਣ ਮਿਸਾਲ ਸਵ. ਬਲਦੇਵ ਕੌਰ ਜੀ ਸਨ। ਜਿਨ੍ਹਾਂ ਨੇ ਪਰਿਵਾਰ ਨੂੰ ਪੂਰੀ ਮਜਬੂਤੀ ਨਾਲ ਜੋੜ ਕੇ ਰੱਖਿਆ ਅਤੇ ਹਰ ਪੱਖੋਂ ਬੁਲੰਦੀਆਂ ‘ਤੇ ਪਹੁੰਚਾਇਆ। ਉਹ ਬੇਸ਼ੱਕ ਕਾਰੋਬਾਰ (ਬਿਜਨਸ) ਹੋਣ ਜਾਂ ਪਰਿਵਾਰਿਕ ਅਤੇ ਸਮਾਜਸੇਵੀ ਕੰਮ ਹੋਣ। ਮਾਤਾ ਬਲਦੇਵ ਕੌਰ ਜੀ ਦਾ ਸੁਭਾਅ ਸਮਾਜ ਸੇਵੀ ਕੰਮਾਂ ਪੱਖੋਂ ਇਹੋ ਜਿਹਾ ਸੀ ਕਿ ਉਹਨਾਂ ਨੇ ਆਪਣੇ ਘਰੋਂ ਕਦੇ ਵੀ ਕਿਸੇ ਨੂੰ ਖਾਲੀ ਨਹੀਂ ਮੋੜਿਆ। ਜਦੋਂ ਕੋਈ ਲੋੜਵੰਦ ਉਹਨਾਂ ਦੇ ਘਰੇ ਕੁਝ ਮੰਗਣ ਆਉਂਦਾ ਸੀ ਤਾਂ ਬਿਨਾਂ ਕਿਸੇ ਨੂੰ ਪੁੱਛਿਆ ਹੀ ਲੋੜਵੰਦ ਦੀ ਜਰੂਰਤ ਪੂਰੀ ਕਰ ਦਿੰਦੇ ਸਨ। ਮਾਤਾ ਬਲਦੇਵ ਕੌਰ ਜੀ ਦੇ ਪਤੀ ਸਰਦਾਰ ਅਜਮੇਰ ਸਿੰਘ ਬੈਦਵਾਣ ਨੇ ਦੱਸਿਆ ਕਿ ਬੇਸ਼ੱਕ ਉਹਨਾਂ ਨੇ ਮਿਲਟਰੀ ਵਿੱਚ 12 ਸਾਲ ਰੈਗੂਲਰ ਅਤੇ 8 ਸਾਲ ਰਿਜਰਵ ਨੌਕਰੀਆਂ ਕੀਤੀਆਂ। 1965 ਅਤੇ 1971 ਵਿੱਚ ਪਾਕਿਸਤਾਨ ਅਤੇ ਭਾਰਤ ਦੀਆਂ ਲੜਾਈਆਂ ਵਿੱਚ ਵੀ ਹਿੱਸਾ ਲਿਆ। ਇਸ ਤੋਂ ਇਲਾਵਾ 22 ਸਾਲ ਸੀਟੀਯੂ ਵਿੱਚ ਡਰਾਈਵਰ ਦੇ ਤੌਰ ‘ਤੇ ਨੌਕਰੀ ਕੀਤੀ। ਪ੍ਰੰਤੂ ਸਵਰਗੀ ਬਲਦੇਵ ਕੌਰ ਜੀ ਦੇ ਹੁੰਦਿਆਂ ਉਹਨਾਂ ਨੂੰ ਘਰ ਦੀਆਂ ਜਿੰਮੇਵਾਰੀਆਂ ਦੀ ਕੋਈ ਬਹੁਤੀ ਚਿੰਤਾ ਨਹੀਂ ਹੁੰਦੀ ਸੀ। ਕਿਉਂਕਿ ਪਰਿਵਾਰ ਵਿੱਚ ਸਭ ਤੋਂ ਵੱਡੀ ਹੋਣ ਕਰਕੇ ਉਹਨਾਂ ਨੇ ਪਰਿਵਾਰਿਕ ਜਿੰਮੇਵਾਰੀਆਂ ਨੂੰ ਬਹੁਤ ਹੀ ਢੰਗ ਨਾਲ ਨਿਭਾਇਆ ਹੈ। ਇਸ ‘ਤੇ ਉਹਨਾਂ ਨੂੰ ਹਮੇਸ਼ਾ ਮਾਣ ਰਹੇਗਾ। ਉਹਨਾਂ ਦੱਸਿਆ ਕਿ ਪਰਿਵਾਰ ਵਿੱਚ ਉਨਾਂ ਦੇ ਛੋਟੇ ਭਰਾ ਲਾਣੇਦਾਰ ਸ. ਪ੍ਰੇਮ ਸਿੰਘ ਲੰਬੜਦਾਰ (ਜਿਨ੍ਹਾਂ ਨੂੰ ਇਲਾਕੇ ਵਿੱਚ ਬਹੁਤ ਹੀ ਅਹਿਮ ਸ਼ਖਸ਼ੀਅਤ ਅਤੇ ਸਤਿਕਾਰ ਦਿੱਤਾ ਜਾਂਦਾ ਹੈ। ਇਸ ਪਰਿਵਾਰ ਨੂੰ ਹਰ ਪੱਖੋਂ ਮਜਬੂਤ ਕਰਨਾ ਅਤੇ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਹੈ), ਸ. ਬਲਦੇਵ ਸਿੰਘ, ਸ. ਗੁਰਦੀਪ ਸਿੰਘ, ਪੁੱਤਰ ਸ. ਸੁਰਿੰਦਰ ਸਿੰਘ (ਰੋਡਾ) ਬੈਦਵਾਣ ਸਾਬਕਾ ਐਮਸੀ, ਨੂੰਹ ਬੀਬੀ ਹਰਦੀਪ ਕੌਰ ਪੋਤਾ ਹਰਸ਼ਪ੍ਰੀਤ ਸਿੰਘ, ਪੋਤਰੀ ਸੁਖਮਨਦੀਪ ਕੌਰ, ਭਤੀਜਾ ਨੰਬਰਦਾਰ ਦਵਿੰਦਰ ਸਿੰਘ ਬੈਦਵਾਣ, ਨੂੰਹ ਬੀਬੀ ਜਸਮਿੰਦਰ ਕੌਰ, ਪੋਤਰਾ ਸਤਿਕਾਰ ਸਿੰਘ, ਪੋਤਰੀ ਨੋਬਲਪ੍ਰੀਤ ਕੌਰ ਪਰਿਵਾਰ ਵਿੱਚ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਚਾਰਾਂ ਭਰਾਵਾਂ ਵਿੱਚੋਂ ਜਿਸ ਨੇ ਵੀ ਕੋਈ ਗੱਲ ਕਰ ਦਿੱਤੀ ਹੈ ਤਾਂ ਉਸ ਨੂੰ ਕਿਸੇ ਨੇ ਪਲਟਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਸਾਰੇ ਹੀ ਇੱਕ ਦੂਜੇ ਨਾਲ ਸਹਿਮਤ ਹੁੰਦੇ ਹਨ। ਪਰਿਵਾਰ ਵਿੱਚ ਸ਼ਾਮਿਲ ਸਾਰੇ ਮੈਂਬਰ ਇੱਕ ਦੂਜੇ ਦਾ ਹਰ ਪੱਖੋਂ ਸਹਿਯੋਗ ਦਿੰਦੇ ਹਨ ਅਤੇ ਸਤਿਕਾਰ ਕਰਦੇ ਹਨ। ਉਹਨਾਂ ਕਿਹਾ ਕਿ ਸਵਰਗੀ ਬਲਦੇਵ ਕੌਰ ਜੀ ਦਾ ਸਦੀਵੀ ਵਿਛੋੜਾ ਉਹਨਾਂ ਨੂੰ ਹਰ ਸਮੇਂ ਰੜਕਦਾ ਰਹੇਗਾ। ਪ੍ਰੰਤੂ ਵਾਹਿਗੁਰੂ ਦੇ ਭਾਣੇ ਵਿਚ ਰਹਿੰਦਿਆਂ ਪਰਿਵਾਰ ਦੇ ਸਮੂਹ ਮੈਂਬਰ ਸਵਰਗੀ ਬਲਦੇਵ ਕੌਰ ਜੀ ਦੀ ਆਤਮਿਕ ਸ਼ਾਂਤੀ ਅਤੇ ਸੱਚਖੰਡ ਵਿੱਚ ਨਿਵਾਸ ਲਈ ਹਮੇਸ਼ਾ ਅਰਦਾਸ ਕਰਦੇ ਰਹਿਣਗੇ।
(ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ)


