Home » Uncategorized » ਚੁੰਨੀ ਕਲਾਂ ਅਤੇ ਅਤੇ ਚੁੰਨੀ ਖੁਰਦ ਨੇ ਧਾਰਿਆ ਵੱਡੇ ਕਸਬੇ ਦਾ ਰੂਪ : ਸ. ਬਲਿਹਾਰ ਸਿੰਘ ਚੁੰਨੀ ਕਲਾਂ

ਚੁੰਨੀ ਕਲਾਂ ਅਤੇ ਅਤੇ ਚੁੰਨੀ ਖੁਰਦ ਨੇ ਧਾਰਿਆ ਵੱਡੇ ਕਸਬੇ ਦਾ ਰੂਪ : ਸ. ਬਲਿਹਾਰ ਸਿੰਘ ਚੁੰਨੀ ਕਲਾਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ, (ਜਗਤਾਰ ਸਿੰਘ ਸੈਦਪੁਰ) : ਲਾਂਡਰਾਂ ਸਰਹੰਦ ਜੀ ਰੋਡ ‘ਤੇ ਸਥਿਤ ਪਿੰਡ ਚੁੰਨੀ ਕਲਾਂ ਅਤੇ ਚੁੰਨੀ ਖੁਰਦ ਵੱਡੇ ਕਸਬੇ ਦਾ ਰੂਪ ਧਾਰ ਚੁੱਕੇ ਹੈ ਅਤੇ ਬਹੁਤ ਵੱਡੀ ਮਾਰਕੀਟ ਬਣ ਚੁੱਕੀ ਹੈ। ਲਗਭਗ 30-35 ਦੇ ਕਰੀਬ ਪਿੰਡਾਂ ਦੇ ਲੋਕ ਇਥੋਂ ਰੋਜਾਨਾ ਲੋੜੀਂਦਾ ਸਮਾਨ ਦੀ ਖਰੀਦਦਾਰੀ ਕਰਨ ਆਉਂਦੇ ਹਨ। ਦੋਵੇਂ ਪਿੰਡਾਂ ਵਿੱਚ ਕੇਵਲ ਇੱਕ ਸੜਕ ਹੀ ਵਿਚਾਲੇ ਹੈ ਉਝ ਇੰਜ ਲੱਗਦਾ ਹੈ ਕਿ ਚੁੰਨੀ ਕਲਾ ਅਤੇ ਚੁੰਨੀ ਖੁਰਦ ਇੱਕ ਹੀ ਪਿੰਡ ਹੈ। ਜੇਕਰ ਧਾਰਮਿਕ ਪੱਖੋਂ ਗੱਲ ਕੀਤੀ ਜਾਵੇ ਤਾਂ ਇੱਥੇ ਮਾਰਕੀਟ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਿੱਥੇ ਵੱਡੀ ਗਿਣਤੀ ਵਿੱਚ ਰੋਜਾਨਾ ਸੰਗਤਾਂ ਸ਼ਾਮ ਸਵੇਰੇ ਮੱਥਾ ਟੇਕਣ ਲਈ ਆਉਂਦੀਆਂ ਹਨ। ਚੁੰਨੀ ਖੁਰਦ ਪਿੰਡ ‘ਚ ਸ਼ਹੀਦਾਂ ਡੇਰਾ ਬਾਬਾ ਬੀਰ ਸਿੰਘ ਜੀ ਨਾਮਧਾਰੀ ਅਸਥਾਨ, ਗੁਰਦੁਆਰਾ ਬਾਬਾ ਨਾਇਬ ਸਿੰਘ ਜੀ ਸਥਿਤ ਹੈ। ਇਹਨਾਂ ਤੋਂ ਇਲਾਵਾ ਗੁੱਗਾ ਮਾੜੀ ਵੀ ਹੈ। ਹਰ ਸਾਲ ਵੱਡਾ ਮੇਲਾ ਭਰਦਾ ਹੈ। ਸੰਤ ਬਾਬਾ ਰਾਮ ਆਸਰਾ ਕੁਟੀਆ ਵੀ ਸਥਿਤ ਹੈ। ਇਥੇ ਹਰ ਸਾਲ ਬੜੀ ਧੂਮ ਧਾਮ ਨਾਲ ਬਾਬਾ ਰਾਮ ਆਸਰਾ ਦੀ ਬਰਸੀ ਮਨਾਈ ਜਾਂਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਆ ਕੇ ਇੱਥੇ ਵਸੇ ਲੋਕ ਜਿਨ੍ਹਾਂ ਨੂੰ ਬਾਰੀਏ ਵੀ ਕਿਹਾ ਜਾਂਦਾ ਹੈ ਨੇ ਚੁੰਨੀ ਕਲਾਂ ‘ਚ ਬਾਰੀਆ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ। ਚੁੰਨੀ ਖੁਰਦ ਵਿੱਚ ਸੰਗਤਸਰ ਸਾਹਿਬ ਗੁਰਦੁਆਰਾ ਬਣਾਇਆ ਹੋਇਆ ਹੈ। ਇਸ ਤੋਂ ਇਲਾਵਾ ਚੁੰਨੀ ਕਲਾਂ ਚ ਠਾਕੁਰ ਦੁਆਰਾ ਵੀ ਸਥਿਤ ਹੈ। ਇਥੇ ਹਰ ਅਸ਼ਟਮੀ ਨੂੰ ਲੰਗਰ ਵਰਤਾਇਆ ਜਾਂਦਾ ਹੈ। ਬਾਬਾ ਵਿਸ਼ਵਕਰਮਾ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਮੰਦਰ ਬਣਾਇਆ ਹੋਇਆ ਹੈ। ਬਹੁਤ ਸ਼ਰਧਾ ਨਾਲ ਲੋਕ ਇੱਥੇ ਆ ਕੇ ਮੱਥਾ ਟੇਕਦੇ ਹਨ। ਮੇਨ ਰੋਡ ਦੇ ਉੱਤੇ ਹੀ ਇੱਕ ਬਹੁਤ ਪੁਰਾਣਾ ਮਸ਼ਹੂਰ ਇਤਿਹਾਸਕ ਡੇਰਾ ਵੀ ਹੈ। ਜਿੱਥੇ ਹਰ ਐਤਵਾਰ ਨੂੰ ਪਿੰਡ ਦੇ ਲੋਕ ਮੱਥਾ ਟੇਕਦੇ ਹਨ। ਖਾਸ ਗੱਲ ਇਹ ਹੈ ਕਿ ਇਥੋਂ ਦੇ ਬਹੁਤ ਹੀ ਮਸ਼ਹੂਰ ਕਵੀਸਰ ਸਰਦਾਰ ਰੌਣਕ ਸਿੰਘ ਜੀ ਜੰਮਪਲ ਹਨ। ਉਨਾਂ ਦੇ ਕੁੜਮ ਸਰਦਾਰ ਪ੍ਰੇਮ ਸਿੰਘ ਜੀ ਵੀ ਬਹੁਤ ਮਸ਼ਹੂਰ ਕਵੀਸਰ ਸਨ। ਉਹ ਵੀ ਚੁੰਨੀ ਕਲਾਂ ਚ ਹੀ  ਰਹਿੰਦੇ ਸਨ। ਉੱਘੇ ਸਮਾਜ ਸੇਵੀ ਅਤੇ ਨੌਜਵਾਨ ਆਗੂ ਸ. ਬਲਿਹਾਰ ਸਿੰਘ ਚੁੰਨੀ ਕਲਾਂ ਨੇ ਬਹੁਤ ਹੀ ਵਿਸਥਾਰ ਨਾਲ ਦੱਸ ਦੇਣ ਕਿਹਾ ਕਿ ਚੁੰਨੀ ਕਲਾਂ ਅਤੇ ਚੁੰਨੀ ਖੁਰਦ ਦੋਵਾਂ ਪਿੰਡਾਂ ਦੀ ਲਗਭਗ 10 ਹਜਾਰ ਦੇ ਕਰੀਬ ਆਬਾਦੀ ਹੋਵੇਗੀ। ਪੀਣ ਵਾਲੇ ਪਾਣੀ ਤੇ ਪ੍ਰਬੰਧ ਲਈ ਦੋਵੇਂ ਪਿੰਡਾਂ ਵਿੱਚ ਅਲੱਗ ਅਲੱਗ ਟੈਂਕੀਆਂ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇਹਨਾਂ ਪਿੰਡਾਂ ਵਿੱਚ ਨਹਿਰੀ ਪਾਣੀ ਨਗਾਵਾਂ ਵਿਖੇ ਲੱਗੇ ਵਾਟਰ ਟਰੀਟਮੈਂਟ ਤੋਂ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਆ ਰਹੀ ਹੈ। ਦੋਵੇਂ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੱਡੇ ਪੱਧਰ ‘ਤੇ ਸਹੀ ਸਹੂਲਤ ਮਿਲ ਰਹੀ ਹੈ। ਪ੍ਰੰਤੂ ਇੱਥੇ ਸੀਵਰੇਜ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਗੰਦੇ ਪਾਣੀ ਦਾ ਨਿਕਾਸ ਠੀਕ ਨਹੀਂ ਹੈ। ਲੋਕਾਂ ਦੀ ਮੰਗ ਹੈ ਕਿ ਗੰਦੇ ਪਾਣੀ ਦੇ ਨਿਕਾਸ ਲਈ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਪ੍ਰਬੰਧ ਸਹੀ ਕਰਨਾ ਚਾਹੀਦਾ ਹੈ।
ਸਿੱਖਿਆ ਪੱਖੋਂ ਪਿੰਡ ਚੁੰਨੀ ਕਲਾਂ ਚ 12ਵੀਂ ਤੱਕ ਸਰਕਾਰੀ ਐਲੀਮੈਂਟਰੀ ਸਕੂਲ ਬਣਿਆ ਹੋਇਆ ਹੈ ਅਤੇ ਚੁੰਨੀ ਖੁਰਦ ਵਿੱਚ ਸਰਕਾਰੀ ਐਲੀਮੈਂਟਰੀ ਮਿਡਲ ਸਕੂਲ ਬਣਿਆ ਹੋਇਆ ਹੈ। ਦੋਵੇਂ ਸਕੂਲਾਂ ਦੀ ਦੀਆਂ ਬਿਲਡਿੰਗਾਂ ਵੀ ਵਧੀਆ ਬਣੀਆਂ ਹੋਈਆਂ ਹਨ ਅਤੇ ਸਟਾਫ ਦੀ ਪੂਰਾ ਹੈ। ਵੱਡੀ ਗਿਣਤੀ ਵਿੱਚ ਵਿਦਿਆਰਥੀ ਇੱਥੇ ਵਿਦਿਆ ਪ੍ਰਾਪਤ ਕਰ ਰਹੇ ਹਨ। ਇਹਨਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਸਰਕਾਰੀ ਕਾਲਜ ਵੀ ਹੈ। ਇਥੇ ਡੋਲਫਿਨ ਕਾਲਜ ਵੀ ਬਣਿਆ ਹੋਇਆ ਹੈ। ਕਾਫੀ ਪੁਰਾਣਾ ਸ਼ਹੀਦ ਭਗਤ ਸਿੰਘ ਸਕੂਲ 10+2 ਵੀ ਸਥਿਤ ਹੈ। ਮੈਨੇਜਿੰਗ ਟਰੈਕਟਰ ਮਨੋਜਕ ਕਪੂਰ ਬਬਲਾ ਹਨ । ਬੜੂ ਸਾਹਿਬ ਵਾਲਿਆਂ ਦੀ ਇੱਥੇ 12 ਏਕੜ ‘ਚ ਸਥਿਤ ਅਕਾਲ ਅਕੈਡਮੀ ਵੀ ਹੈ। ਜਿੱਥੇ 10+2 ਤੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦਾ ਪ੍ਰਬੰਧ ਬਾਬਾ ਗੁਰਮੀਤ ਸਿੰਘ ਜੀ ਵੇਖਦੇ ਹਨ। ਸਿੱਖਿਆ ਪੱਖੋਂ ਜੇਕਰ ਚੁੰਨੀ ਕਲਾਂ ਨੂੰ ਐਜੂਕੇਸ਼ਨ ਹੱਬ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ।
ਚੁੰਨੀ ਕਲਾਂ ਵਿੱਚ ਸਥਿਤ ਦਾਣਾ ਮੰਡੀ ਵੱਡੀਆਂ ਮੰਡੀਆਂ ਵਿੱਚ ਸ਼ਾਮਿਲ ਹੈ। ਲਗਭਗ 25 ਏਕੜ ‘ਚ ਬਣੀ ਅਨਾਜ ਮੰਡੀ ਵਿੱਚ ਸਾਰੀਆਂ ਸਹੂਲਤਾਂ ਸਹੀ ਹਨ। ਆੜ੍ਹਤ ਯੂਨੀਅਨ ਦੇ ਪ੍ਰਧਾਨ ਸ. ਸੁਖਦੇਵ ਸਿੰਘ (ਪੱਪੂ) ਪਵਾਲਾ ਨੇ ਦੱਸਿਆ ਕਿ ਲਗਭਗ 20 ਦੇ ਕਰੀਬ ਆੜਤੀ ਹਨ। ਜਿਨ੍ਹਾਂ ਕੋਲ ਬੈਠਣ ਲਈ ਦੁਕਾਨਾਂ ਹਨ। ਚਾਰ ਪੰਜ ਹੀ ਆੜਤੀ ਇਹੋ ਜਿਹੇ ਹਨ ਜਿਨ੍ਹਾਂ ਕੋਲ ਦੁਕਾਨਾਂ ਨਹੀਂ । ਲਗਭਗ 35-40 ਪਿੰਡਾਂ ਦੇ ਕਿਸਾਨ ਇੱਥੇ ਆਪਣੀਆਂ ਫਸਲਾਂ ਵੇਚਣ ਲਈ ਆਉਂਦੇ ਹਨ। ਇਥੇ ਬਹੁਤ ਵੱਡਾ ਸ਼ੈਡ ਬਣਾਇਆ ਹੋਇਆ ਹੈ। ਜਿੱਥੇ ਕਿਸਾਨ ਆਪਣੀਆਂ ਫਸਲਾਂ ਨੂੰ ਮੀਹ ਤੋਂ ਬਚਾ ਸਕਦੇ ਹਨ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਟੈਂਕੀ ਬਣੀ ਹੋਈ ਹੈ। ਕਿਸਾਨਾਂ ਅਤੇ ਕਾਮਿਆਂ ਲਈ ਬਾਥਰੂਮ ਅਤੇ ਲੈਟਰਿੰਗ ਵਗੈਰਾ ਦੀ ਵਧੀਆ ਸਹੂਲਤ ਹੈ। ਦਾਣਾ ਮੰਡੀ ਦੇ ਦੁਆਲੇ ਚਾਰ ਦਿਵਾਰੀ ਬਣੀ ਹੋਈ ਹੈ ਅਤੇ ਵੱਡੇ ਪੱਧਰ ‘ਤੇ ਛਾਂਦਾਰ ਰੁੱਖ ਲੱਗੇ ਹੋਏ ਹਨ। ਦਾਣਾ ਮੰਡੀ ਦਾ ਇੱਕ ਹੀ ਗੇਟ ਹੈ। ਕੰਮ ਤੋਂ ਬਿਨਾਂ ਕੋਈ ਵੀ ਕੋਈ ਵੀ ਵਿਅਕਤੀ ਮੰਡੀ ‘ਚ ਦਾਖਲ ਨਹੀਂ ਹੋ ਸਕਦਾ।
ਕਸਬਾ ਚੁੰਨੀ ਕਲ੍ਹਾਂ ਨਾਲ ਜੁੜੇ ਪਿੰਡਾਂ ਦੇ ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਟੁੱਟੀਆਂ ਸੜਕਾਂ ਕਾਰਨ ਬਣੀ ਹੋਈ ਹੈ। ਕਾਫੀ ਸਾਲਾਂ ਤੋਂ ਪਿੰਡਾਂ ਦੀਆਂ ਲਿੰਕ ਸੜਕਾਂ ਨਾ ਬਣਨ ਕਰਕੇ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਚੁੰਨੀ ਕਲਾ ਤੋਂ ਨੇੜੇ ਨੇੜਲੇ ਪਿੰਡਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਹਾਲਤ ਹੀ ਬਹੁਤ ਤਰਸਯੋਗ ਬਣੀ ਹੋਈ ਹੈ। ਚੁੰਨੀ ਕਲਾਂ ਤੋਂ ਪਵਾਲਾ, ਮਹਿਤਾਬਗੜ੍ਹ, ਨਰੈਣਾ ਅਤੇ ਬੀਰੋ ਮਾਜਰੀ, ਚੁੰਨੀ ਕਲਾਂ ਤੋਂ ਰਸੂਲਪੁਰ, ਬਰਾਸ ਅਤੇ ਚੁੰਨੀ ਕਲਾ ਤੋਂ ਬਹਿਲਾ ਖਾਨਪੁਰ ਅਤੇ ਬੀੜ ਆਦਿ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਬਿਲਕੁਲ ਟੁੱਟ ਚੁੱਕੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਵੱਲੋਂ ਇਹਨਾਂ ਟੁੱਟੀਆਂ ਸੜਕਾਂ ਦੇ ਮੁਰੰਮਤ ਕਰਨ ਜਾਂ ਨਵੀਆਂ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪ੍ਰੰਤੂ ਲੋਕਾਂ ਨੂੰ ਇਹਨਾਂ ਟੁੱਟੀਆਂ ਸੜਕਾਂ ‘ਤੇ ਆਉਣ ਜਾਣ ਲਈ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਚੁੰਨੀ ਕਲਾਂ ਵਿੱਚ ਤਿੰਨ ਸ਼ਮਸ਼ਾਨਘਾਟ ਅਤੇ ਇੱਕ ਮੁਸਲਮਾਨ ਭਾਈਚਾਰੇ ਦਾ ਕਬਰ ਸਥਾਨ ਬਣਿਆ ਹੋਇਆ ਹੈ। ਤਿੰਨ ਸ਼ਮਸ਼ਾਨਘਾਟਾਂ ‘ਚ ਸ਼ੈਡ ਬਣੇ ਹੋਏ ਹਨ ਅਤੇ ਚਾਰ ਦੀਵਾਰੀਆਂ ਵੀ ਬਣੀਆਂ ਹੋਈਆਂ ਹਨ। ਪ੍ਰੰਤੂ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਲੋਕਾਂ ਦੇ ਬੈਠਣ ਲਈ ਵੀ ਜਗਹਾ ਬਣੀ ਹੋਈ ਹੈ। ਇਸੇ ਤਰ੍ਹਾਂ ਚੁੰਨੀ ਖੁਰਦ ਵਿੱਚ ਵੀ ਤਿੰਨ ਸ਼ਮਸ਼ਾਨਘਾਟ ਅਤੇ ਇੱਕ ਕਬਰ ਸਥਾਨ ਬਣਿਆ ਹੋਇਆ ਹੈ। ਤਿੰਨੇ ਸ਼ਮਸ਼ਾਨਘਾਟਾਂ ਵਿੱਚ ਸ਼ੈਡ ਬਣੇ ਹੋਏ ਹਨ ਅਤੇ ਚਾਰ ਦਿਵਾਰੀ ਵੀ ਬਣੀ ਹੋਈ ਹੈ। ਪ੍ਰੰਤੂ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਲੋਕਾਂ ਦੇ ਬੈਠਣ ਲਈ ਜਗ੍ਹਾ ਵੀ ਬਣੀ ਹੋਈ ਹੈ। ਪੰਜਾਬ ਸਰਕਾਰ ਨੂੰ ਚੁੰਨੀ ਕਲਾਂ ਨਾਲ ਜੁੜੇ ਪਿੰਡਾਂ ਦੀਆਂ ਟੁੱਟੀਆਂ ਲਿੰਕ ਸੜਕਾਂ ਨੂੰ ਬਣਾਉਣ ਲਈ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਹੋਰ ਵੀ ਸਮੱਸਿਆਵਾਂ ਦੇ ਹੱਲ ਲਈ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ।

One Comment

  1. ਸਤਿ ਸ੍ਰੀ ਅਕਾਲ ਵੀਰ ਜੀ,
    ਬੜਾ ਚੰਗਾ ਲੱਗਿਆ ਕਿਸੇ ਨੇ ਤਾ ਮੁਸਲਿਮ ਭਾਈਚਾਰੇ ਦੀਆਂ ਕਬਰਿਸਤਾਨ ਬਾਰੇ ਕੁਛ ਲਿਖਿਆ, ਪ੍ਰੰਤੂ ਤੁਸੀਂ ਇਹਦੇ ਵਿੱਚ ਕੁਝ ਅਧੂਰਾ ਛੱਡ ਦਿੱਤਾ ਤੁਸੀਂ ਇਹ ਨਹੀਂ ਲਿਖਿਆ ਕਿ ਮੁਸਲਿਮ ਭਾਈਚਾਰੇ ਦੀ ਕਬਰਿਸਤਾਨ ਵਿੱਚ ਲੋਕਾਂ ਵੱਲੋਂ ਕੂੜਾ ਕਰਕਟ ਸੁੱਟਿਆ ਜਾਂਦਾ ਹੈ ਅਤੇ ਕੁਝ ਬੰਦਿਆਂ ਵੱਲੋਂ ਨਜਾਇਜ਼ ਕਬਜ਼ਾ ਕਰਕੇ ਉਸਨੂੰ ਆਪਣੇ ਨਿਜੀ ਕੰਮਾਂ ਲਈ ਵਰਤਿਆ ਜਾਂਦਾ ਹੈ। ਅਤੇ ਨਾ ਹੀ ਕਬਰਿਸਤਾਨ ਦੀ ਸਫਾਈ ਹੁੰਦੀ ਹੈ ਅਤੇ ਨਾ ਹੀ ਇਸਦੀ ਚਾਰਦਵਾਰੀ ਕੀਤੀ ਹੋਈ ਹੈ ਅਤੇ ਨਾ ਹੀ ਪਿਛਲੇ 70 ਸਾਲਾਂ ਤੋਂ ਕਿਸੇ ਵੀ ਪੰਚਾਇਤ ਵੱਲੋਂ ਇਸ ਵੱਲ ਕੋਈ ਧਿਆਨ ਦਿੱਤਾ ਗਿਆ ਹੈ। ਨਾ ਹੀ ਕਿਸੇ ਸਰਕਾਰ ਵੱਲੋਂ ਧਿਆਨ ਦਿੱਤਾ ਗਿਆ ਹੈ।

Leave a Reply

Your email address will not be published. Required fields are marked *