ਕਲੱਕਤਾ ਨਿਵਾਸੀ ਜਗਮੋਹਨ ਸਿੰਘ ਗਿੱਲ ਦੀ ਖੋਜ ਭਰਪੂਰ ਪੁਸਤਕ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਕੈਂਪਸ ‘ਚ ਹੋਈ ਰਿਲੀਜ਼ : ਡਾ. ਖੁਸ਼ਹਾਲ ਸਿੰਘ
ਚੰਡੀਗੜ੍ਹ, 18 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਪੂਰੇ ਭਾਰਤ ਵਿੱਚ ਸਿੱਖੀ ਦਾ ਬੀਜ ਖਿਲਾਰਿਆ। ਪੂਰਬ ਵਾਲੇ ਪਾਸੇ ਬਿਹਾਰ ਵਿੱਚ ਗਯਾ ਜ਼ਿਲ੍ਹਾ, ਪਟਨਾ ਜ਼ਿਲ੍ਹਾ ਤੇ ਕਲੱਕਤਾ ਤੋਂ ਲੈ ਕੇ ਆਸਾਮ ਤੱਕ ਦੇ ਮੂਲ ਨਿਵਾਸੀ ਸਿੱਖੀ ਨਾਲ ਜੁੜੇ ਹੋਏ ਸਨ। ਇਸ ਸਦੰਰਭ ਵਿੱਚ ਕਲੱਕਤਾ ਨਿਵਾਸੀ ਜਗਮੋਹਨ ਸਿੰਘ ਗਿੱਲ ਦੀ ਖੋਜ ਭਰਪੂਰ ਪੁਸਤਕ ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਕੈਂਪਸ ਵਿਚ ਰਿਲੀਜ਼ ਕੀਤੀ ਗਈ।
ਇਸ ਕਿਤਾਬ ਨੂੰ ਰਿਲੀਜ਼ ਕਰਦਿਆਂ ਪੰਜਾਬ ਹਰਿਆਣਾ ਹਾਟੀਕਰੋਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਜਾਂ ਹੋਰ ਸਿੱਖ ਸੰਸਥਾਵਾਂ ਦਾ ਸੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਸਿੱਖ ਸੰਸਥਾਵਾਂ ਦਾ ਸਿਆਸੀਕਰਨ ਹੋ ਚੁੱਕਿਆ ਹੈ, ਜਿਸ ਕਾਰਨ ਸਿੱਖੀ ਦਿਨੋ-ਦਿਨ ਸੁੰਗੜਦੀ ਜਾ ਰਹੀ ਹੈ। ਪ੍ਰੋ. ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਨੇ ਕਿਹਾ ਕਿ ਸਿੱਖੀ ਦੇ ਸੁੰਗੜਨ ਦਾ ਇਕ ਕਾਰਨ ਜਾਤ-ਪਾਤ ਦਾ ਮੁੜ ਪੈਦਾ ਹੋਣਾ ਤੇ ਰੋਟੀ-ਬੇਟੀ ਦੀ ਸਾਂਝ ਪੈਦਾ ਨਾ ਹੋਣਾ ਹੈ।
ਕਿਤਾਬ ਉਪਰ ਹੋਈ ਵਿਚਾਰ ਚਰਚਾ ਵਿੱਚ ਬੋਲਦਿਆਂ, ਡਾ. ਖੁਸ਼ਹਾਲ ਸਿੰਘ, ਡਾ. ਪਿਆਰਾ ਲਾਲ ਗਰਗ, ਪ੍ਰੋ. ਦਵਿੰਦਰ ਸਿੰਘ, ਡਾ. ਗੁਰਦੇਵ ਸਿੰਘ ਸਿੱਧੂ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਕਿਹਾ ਕਿ ਜਿਹਨਾਂ ਨੂੰ ਨਾਨਕਪੰਥੀ ਜਾਂ ਕਬੀਰ-ਪੰਥੀ ਕਿਹਾ ਜਾਂਦਾ, ਉਹ ਵੀ ਸਿੱਖੀ ਘੇਰੇ ਵਿੱਚ ਬਾਹਰ ਨਿਕਲ ਰਹੇ ਹਨ।
ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ, ਕਲੱਕਤੇ ਨਾਲ ਸਿੱਖਾਂ ਦਾ ਰਿਸ਼ਤਾ ਗੁਰੂ ਕਾਲ ਤੋਂ ਬਹੁਤ ਪੁਰਾਣਾ ਹੈ, ਪਰ ਅੰਗਰੇਜ਼ਾਂ ਨੇ ਪਹਿਲਾਂ ਇੱਥੋਂ ਭਾਈ ਮਹਾਰਾਜ ਸਿੰਘ ਨੂੰ ਸਿੰਘਾਪੁਰ ਭੇਜਿਆ ਸੀ, ਫਿਰ ਬਾਬਾ ਰਾਮ ਸਿੰਘ ਕੂਕਾ ਨੂੰ ਇੱਥੋਂ ਜਲਾਵਤਨ ਕੀਤਾ ਸੀ। ਉਹਨਾਂ ਕਿਹਾ ਕਿ ਜਗਮੋਹਨ ਸਿੰਘ ਗਿੱਲ ਨੇ ਪੁਰਾਤਨ ਸਰੋਤਾਂ ਨੂੰ ਲੱਭ ਲੱਭ ਕੇ ਪਹਿਲਾਂ ਪੂਰਬੀ ਭਾਰਤ ਦੇ ਮੂਲ ਨਿਵਾਸੀ ਸਿੱਖਾਂ ਦੀ ਖੋਜ ਕੀਤੀ ਹੈ ਤੇ ਫਿਰ ਆਪ ਜਾ ਕੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਹੈ।
ਕਿਤਾਬ ਦੇ ਲੇਖਕ ਜਗਮਹੋਨ ਸਿੰਘ ਗਿੱਲ ਨੇ ਕਿਹਾ ਕਲੱਕਤੇ ਵਿੱਚ ਬਹੁਤ ਸਾਰੀ ਸੰਗਤ ਅੱਜ ਵੀ ਅਜਿਹੀ ਆਉਂਦੀ ਹੈ, ਜਿਸ ਨੂੰ ਪਟਨੀਆ ਸੰਗਤ ਕਿਹਾ ਜਾਂਦਾ ਹੈ। ਇਹ ਗੁਰਪੁਰਬਾਂ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਇਹ ਲੋਕ ਲੰਗਰ ਛਕਣ ਨਹੀਂ ਆਉਂਦੇ, ਪੰਜਾਹ-ਪੰਜਾਹ ਹਜ਼ਾਰ ਦਾਨ ਵੀ ਕਰਦੇ ਹਨ। ਉਹਨਾਂ ਕਿਹਾ ਕਿ ਬਿਹਾਰ ਦੇ ਸਾਸਾ ਰਾਮ, ਪਟਨਾ, ਗਯਾ ਬਲੀਆ, ਜੌਨਪੁਰ, ਆਜ਼ਮਗੜ੍ਹ ਆਦਿ ਵਿੱਚ ਪੁਰਾਤਨ ਸਮੇਂ ਤੋਂ ਮੂਲ ਨਿਵਾਸੀ ਸਿੱਖ ਸੰਗਤ ਮੌਜੂਦ ਹੈ।
ਅੱਜ ਦੇ ਇਕੱਠ ਨੇ ਅਮਰੀਕਾ ਤੋਂ ਵਾਪਸ ਭਾਰਤ ਭੇਜੇ ਜਾ ਰਹੇ ਸਿੱਖ ਨਾਗਰਿਕਾਂ ਦੀ ਫੌਜੀ ਜਹਾਜ਼ਾਂ ਵਿੱਚ ਦਸਤਾਰ ਉਤਾਰਣ ਦੀ ਸਖ਼ਤ ਨਿਖੇਧੀ ਕੀਤੀ। ਦਸਤਾਰ ਸਿੱਖ ਦੀ ਧਾਰਮਿਕ ਸ਼ਨਾਖਤ/ਪਛਾਣ ਦਾ ਅਨਿਖੜਵਾਂ ਅੰਗ ਹੈ। ਜਿਸ ਨੂੰ ਸਿੱਖ ਤੋਂ ਦੂਰ ਨਹੀਂ ਕੀਤਾ ਜਾ ਸਕਦਾ
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ, ਭਾਈ ਜੈਤਾ ਜੀ ਫਾਉਂਡੇਸ਼ਨ ਦੇ ਸਰਪ੍ਰਸਤ ਹਰਪਾਲ ਸਿੰਘ, ਡਾ. ਵਾਲੀਆ, ਜੀ, ਐਸ ਪੰਧੇਰ (ਸਾਬਕਾ, ਏ.ਡੀ.ਜੀ.ਪੀ), ਜਨਰਲ ਆਈ.ਪੀ ਸਿੰਘ, ਜਸਵੀਰ ਸਿੰਘ ਗਿੱਲ (ਏ.ਡੀ.ਜੀ.ਪੀ ਸਾਬਕਾ), ਕੈਪਟਨ ਗੁਰਦੀਪ ਸਿੰਘ ਘੁੰਮਣ, ਅਮਰਜੀਤ ਸਿੰਘ ਧਵਨ, ਸ਼ੇਰ ਜਗਜੀਤ ਸਿੰਘ, ਗੁਰਮੀਤ ਸਿੰਘ ਜੌੜਾ, ਗੁਰੂ ਗੋਬਿੰਦ ਸਿੰਘ ਕਾਲਜ ਤੋਂ ਮੈਡਮ ਗੁਰਮੀਕ ਕੌਰ, ਡਾ. ਸੁਨੀਲ ਭਾਟੀਆ, ਡਾ. ਮੁਹੰਮਦ ਇਰਫਾਨ, ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਪੱਤਰਕਾਰ ਬਲਵਿੰਦਰ ਜੰਮੂ, ਗੁਰਸ਼ਮਸ਼ੀਰ ਸਿੰਘ, ਫਤਿਹ ਹਰਮੀਤ ਸਿੰਘ, ਬਲਕਾਰ ਸਿੰਘ ਸਿੱਧੂ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਤੋਂ ਬਲਕਾਰ ਸਿੰਘ, ਪੱਤਰਕਾਰ ਹਮੀਰ ਸਿੰਘ ਆਦਿ ਹਾਜ਼ਿਰ ਸਨ।


