ਪੰਜਾਬ ‘ਚ ਪ੍ਰਿੰਸੀਪਲਾਂ ਦੀਆਂ 44%, ਮੁੱਖ ਅਧਿਆਪਕਾਂ ਦੀਆਂ 47% ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 41% ਅਸਾਮੀਆਂ ਖਾਲੀ
ਚੰਡੀਗੜ੍ਹ 11 ਫਰਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸਿੱਖਿਆ ਵਿਭਾਗ ਸਕੂਲਾਂ ਮੁੱਖੀਆਂ ਦੀ ਖਾਲੀ ਅਸਾਮੀਆਂ ਕਾਰਨ ਪਿਛਲੇ ਦਿਨਾਂ ਤੋਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀ ਹੀ ਤਸਵੀਰ ਪ੍ਰਾਇਮਰੀ ਵਿਭਾਗ ਵਿੱਚ ਸਾਹਮਣੇ ਆ ਰਹੀ ਹੈ। ਪੰਜਾਬ ਦੇ 228 ਬਲਾਕਾਂ ਵਿੱਚੋਂ 93 ਬਲਾਕਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਅਸਾਮੀ ਖਾਲੀ ਪਈ ਹੈ। ਸਿੱੱਖਿਆ ਅਤੇ ਸਿਹਤ ਦੋ ਅੰਜਡਿਆਂ ਨੂੰ ਮੁੱਖ ਰੱਖ ਕੇ ਬਣੀ ਸਰਕਾਰ ਨੇ ਪੰਜਾਬ ਦੀ ਸਿੱਖਿਆ ਦੀ ਹਾਲਤ ਤਰਸਯੋਗ ਬਣਾ ਦਿੱਤੀ ਹੈ। ਅੋਸਤਨ ਇੱਕ ਬਲਾਕ ਵਿੱਚ 50 ਦੇ ਲੱਗਭੱਗ ਪ੍ਰਾਇਮਰੀ ਸਕੂਲ ਹੁੰਦੇ ਹਨ। ਬਲਾਕ ਦੇ ਪ੍ਰਾਇਮਰੀ ਸਕੂਲਾਂ ਦਾ ਮੁੱਖ ਅਫਸਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹੁੰਦਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਨੇ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦਾ ਡਾਟਾ ਇੱਕਠਾ ਕਰਨ ਤੋਂ ਬਾਅਦ ਪੇਸ ਕੀਤੀ ਰਿਪੋਰਟ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਰੁੂਪਨਗਰ ਜਿਲ੍ਹਾ, ਜਿਸ ਜਿਲ੍ਹੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਸੰਬੰਧ ਰੱਖਦੇ ਹਨ ਇਸ ਜਿਲ੍ਹੇ ਵਿੱਚ 10 ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਵਿੱਚੋਂ 9 ਅਸਾਮੀਆਂ ਖਾਲੀ ਹਨ ਜੋ ਜਿਲ੍ਹੇ ਵਿੱਚ ਇੱਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕੰਮ ਕਰ ਰਿਹਾ ਹੈ ਉਹ ਵੀ ਦੂਜੇ ਜਿਲ੍ਹੇ ਵਿੱਚ ਪ੍ਰਬੰਧਕੀ ਅਧਾਰ ਤੇ ਬਦਲੀ ਕਰਕੇ ਭੇਜਿਆ ਗਿਆ ਹੈ। ਇਹੀ ਹਾਲ ਬਠਿੰਡਾ ਜਿਲ੍ਹੇ ਦਾ ਹੈ ਜਿਥੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ 7 ਅਸਾਮੀਆਂ ਵਿੱਚੋਂ 6 ਖਾਲੀ ਹਨ।
ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਇੱਕਠੀ ਕੀਤੀ ਰਿਪੋਰਟ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਅਮਨਦੀਪ ਸ਼ਰਮਾ ਅਤੇ ਸੂਬਾ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਕਿਹਾ ਹੈ ਕਿ ਏਨੀ ਵੱਡੀ ਗਿਣਤੀ ਵਿੱਚ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਦਾ ਖਾਲੀ ਹੋਣਾ ਬਿਆਨ ਕਰਦਾ ਹੈ ਕਿ ਪੰਜਾਬ ਦੀ ਸਰਕਾਰ ਸਿੱਖਿਆ ਪ੍ਰਤੀ ਗੰਭੀਰ ਨਹੀਂ ਹੈ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਦੀ ਸਰਕਾਰ ਸੱਚ-ਮੁੱਚ ਸਿੱੱਖਿਆ ਪ੍ਰਤੀ ਗੰਭੀਰ ਹੈ ਤਾਂ ਪਹਿਲ ਦੇ ਅਧਾਰ ਤੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਭਰਨ ਲਈ ਪਹਿਲ ਕਦਮੀ ਦਿਖਾਵੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਪੜਾਈ ਤੋਂ ਸਿਵਾਏ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਹੋਣੇ ਚਾਹੀਦੇ ਹਨ।



