ਸਮਰਾਲਾ, 8 ਅਕਤੂਬਰ, (ਸੁਰਜੀਤ ਸਿੰਘ) ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਜੀਵ ਵਿਗਿਆਨ ਵਿਭਾਗ ਵੱਲੋਂ ਕਾਲਜ ਦੀ ਪ੍ਰਿੰਸੀਪਲ ਪ੍ਰੋ. ਡਾ. ਨਿਸ਼ਠਾ ਤ੍ਰਿਪਾਠੀ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਵਣਜੀਵ ਹਫ਼ਤਾ ਦੇ ਸੰਦਰਭ ਵਿੱਚ ਪੋਸਟਰ ਬਣਾਉਣ ਦਾ ਮੁਕਾਬਲਾ ਆਯੋਜਿਤ ਕੀਤਾ ਗਿਆ। ਜਿਸ ਦਾ ਉਦੇਸ਼ ਵਣਜੀਵ ਸੰਰੱਖਣ, ਜੈਵ-ਵਿਭਿੰਨਤਾ ਅਤੇ ਕੁਦਰਤ ਪ੍ਰਤੀ ਮਨੁੱਖ ਦੀ ਜ਼ਿੰਮੇਵਾਰ ਭੂਮਿਕਾ ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਮੁਕਾਬਲੇ ਵਿੱਚ ਕਾਲਜ ਦੇ ਵੱਖ-ਵੱਖ ਵਿਗਿਆਨ ਵਿਭਾਗਾਂ ਦੀਆਂ ਲਗਭਗ 16 ਟੀਮਾਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਆਪਣੇ ਕਲਾਤਮਕ ਹੁਨਰ ਅਤੇ ਰਚਨਾਤਮਕਤਾ ਰਾਹੀਂ ਵਣਜੀਵਾਂ, ਉਨ੍ਹਾਂ ਦੀ ਮਹੱਤਤਾ, ਵਣਜੀਵਾਂ ਨੂੰ ਦਰਪੇਸ਼ ਖ਼ਤਰਿਆਂ ਅਤੇ ਉਨ੍ਹਾਂ ਦੀ ਸੰਭਾਲ ਦੇ ਢੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਡਾ. ਨਿਸ਼ਠਾ ਤ੍ਰਿਪਾਠੀ ਅਤੇ ਵਾਈਸ-ਪ੍ਰਿੰਸੀਪਲ ਪ੍ਰੋ. ਲਵਲੀਨ ਪਰਮਾਰ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ।
ਇਸ ਮੌਕੇ ਕਾਲਜ ਦੇ ਰਜਿਸਟਰਾਰ ਡਾ. ਸੁਨੀਤ ਤੋਂ ਇਲਾਵਾ ਜੀਵ ਵਿਗਿਆਨ ਵਿਭਾਗ ਤੋਂ ਡਾ. ਲਖਵਿੰਦਰ ਕੌਰ ਅਤੇ ਡਾ. ਰਜਿੰਦਰ ਕੌਰ ਨੇ ਜੱਜਮੈਂਟ ਕਮੇਟੀ ਦੇ ਮੈਂਬਰਾਂ ਵਜੋਂ ਆਪਣੀ ਭੂਮਿਕਾ ਬਾਖੂਬੀ ਨਿਭਾਈ। ਜੀਵ ਵਿਗਿਆਨ ਵਿਭਾਗ ਦੀ ਮੁਖੀ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਣਜੀਵ ਅਤੇ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨਾ ਅਤੇ ਮਨੁੱਖਾਂ ਤੇ ਹੋਰ ਜੀਵ-ਜੰਤੂਆਂ ਵਿਚਕਾਰ ਸ਼ਾਂਤੀਪੂਰਨ ਸਹਿ-ਹੋਂਦ ਦਾ ਸੰਦੇਸ਼ ਫੈਲਾਉਣਾ ਹੈ। ਇਸ ਮੌਕੇ ਡਾ. ਹਰਵਿੰਦਰ ਕੌਰ ਅਤੇ ਸਹਾਇਕ ਪ੍ਰੋਫੈਸਰ ਯੋਧਾ ਸਿੰਘ ਨੇ ਵੀ ਸ਼ਿਰਕਤ ਕਰਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ।




