Translate Your Language

October 8, 2026 8:08 pm

PUNPUN03583/19/1/2007-TC

PUNPUN03583/19/1/2007-TC

Home » ਸਿੱਖਿਆ » ਮਾਲਵਾ ਕਾਲਜ ਦੇ ਯੂਥ ਫੈਸਟੀਵਲ ਵਿਚ ਭੰਗੜੇ ਅਤੇ ਗਿੱਧੇ ਨੇ ਪਾਈਆਂ ਧਮਾਲਾਂ

ਮਾਲਵਾ ਕਾਲਜ ਦੇ ਯੂਥ ਫੈਸਟੀਵਲ ਵਿਚ ਭੰਗੜੇ ਅਤੇ ਗਿੱਧੇ ਨੇ ਪਾਈਆਂ ਧਮਾਲਾਂ

ਸਮਰਾਲਾ, 8 ਅਕਤੂਬਰ (ਸੁਰਜੀਤ ਸਿੰਘ) ਪ੍ਰਿੰਸੀਪਲ ਡਾ ਦਿਨੇਸ਼ ਸ਼ਰਮਾ ਦੀ ਅਗੁਵਾਈ ਅਤੇ ਪ੍ਰਬੰਧਕੀ ਸਕੱਤਰ ਡਾ ਕੁਲਵਿੰਦਰ ਕੌਰ ਦੀ ਦੇਖ ਰੇਖ ਵਿਚ ਸਥਾਨਕ ਮਾਲਵਾ ਕਾਲਜ ਵਿਚ ਚਾਰ ਰੋਜ਼ਾ ਯੂਥ ਫੈਸਟੀਵਲ ਦੇ ਅੱਜ ਤੀਜੇ ਦਿਨ ਪੰਜਾਬੀ ਭੰਗੜੇ ਅਤੇ ਗਿੱਧੇ ਨੇ ਧਮਾਲਾਂ ਪਾਈਆਂ। ਇਸ ਮੌਕੇ ਭਾਰੀ ਗਿਣਤੀ ਵਿਚ ਵਿਦਿਆਰਥੀ ਪਹੁੰਚੇ ਹੋਏ ਸਨ, ਜਿਹਨਾਂ ਨੇ ਭੰਗੜੇ, ਗਿੱਧੇ ਅਤੇ ਹੋਰ ਵਿਰਾਸਤੀ ਪ੍ਰੋਗਰਾਮਾਂ ਰਾਹੀਂ ਪੰਜਾਬੀ ਸਭਿਆਚਾਰ ਦੇ ਪ੍ਰਤੱਖ ਦਰਸ਼ਨ ਕੀਤੇ। ਲੁਧਿਆਣਾ ਜੋਨ – 2 ਦੇ ਵੱਖ ਵੱਖ ਕਾਲਜਾਂ ਦੀਆਂ 30 ਟੀਮਾਂ ਨੇ ਵਿਰਾਸਤੀ ਮੇਲੇ ਵਿਚ ਪੰਜਾਬੀ ਸਭਿਆਚਾਰ ਦੀਆਂ ਵੱਖ ਵੱਖ ਆਕਰਸ਼ਕ ਵੰਨਗੀਆਂ ਪੇਸ਼ ਕੀਤੀਆਂ। ਜਿਹਨਾ ਵਿਚ ਮੁੱਖ ਤੌਰ ਤੇ ਗੁੱਡੀਆਂ ਪਟੋਲੇ, ਛਿੱਕੂ, ਪ੍ਰਾਂਦੇ, ਨਾਲੇ ਅਤੇ ਟੋਕਰੀਆਂ ਬਣਾਉਣੀਆਂ ਆਦਿ। ਭੰਗੜਾ ਅਤੇ ਗਿੱਧਾ ਆਈਟਮਾਂ ਨੇ ਦਰਸ਼ਕਾਂ ਦਾ ਜਿਆਦਾ ਧਿਆਨ ਖਿੱਚਿਆ। ਪੰਡਾਲ ਵਿਚ ਦਰਸ਼ਕਾਂ ਦੀ ਭੀੜ ਕਾਰਨ ਕੁਰਸੀਆਂ ਦੀ ਘਾਟ ਪੈ ਗਈ। ਇਨਾਮ ਵੰਡ ਸਮਾਰੋਹ ਸਮੇਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਵਿਗਿਆਨ ਦੇ ਯੁੱਗ ਵਿਚ ਧਰਤੀ, ਪਾਣੀ ਅਤੇ ਵਾਤਾਵਰਨ ਨੂੰ ਦੂਸ਼ਿਤ ਕਰਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ। ਅਜਿਹੇ ਹਾਲਾਤ ਦੇ ਚਲਦਿਆਂ ਸਾਡੀ ਨੌਜਵਾਨੀ ਜੌ ਪਹਿਲਾਂ ਹੀ ਨਸ਼ਿਆਂ ਵੱਲ ਰੁਚਿਤ ਹੈ, ਉਹ ਆਪਣੀ ਸਿਹਤ ਨੂੰ ਕਿਵੇਂ ਸੰਭਾਲੇਗੀ। ਉਹਨਾਂ ਕਿਹਾ ਕਿ ਬਿਨਾਂ ਤੰਦਰੁਸਤ ਸ਼ਰੀਰ ਦੇ ਤਾਂ ਭੰਗੜੇ ਤੇ ਗਿੱਧੇ ਨਹੀਂ ਪਾਏ ਜਾ ਸਕਦੇ। ਉਹਨਾਂ ਕਿਹਾ ਕਿ ਗੁਰੂਆਂ ਦੇ ਸੰਦੇਸ਼ ਨੂੰ ਨਜ਼ਰਅੰਦਾਜ਼ ਕਰਦਿਆਂ ਧਰਤੀ ਵਾਤਾਵਰਨ ਅਤੇ ਪਾਣੀ ਨੂੰ ਦੂਸ਼ਿਤ ਕਰਨਾ ਕੰਗਾਲ ਮਾਨਸਿਕਤਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਦੇ ਵਾਤਾਵਰਨ ਅਤੇ ਪਾਣੀ ਦੀ ਫ਼ਿਕਰ ਹੋਣੀ ਚਾਹੀਦੀ ਹੈ, ਜੇਕਰ ਪੰਜਾਬ ਦੀ ਧਰਤੀ ਤੋਂ ਪਾਣੀ ਮੁੱਕ ਗਿਆ ਤਾਂ ਖੇਤੀ ਕਿਵੇਂ ਹੋਵੇਗੀ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਕਾਲਜ ਦੇ ਸਰਪ੍ਰਸਤ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜੇਕਰ ਵੋਟਾਂ ਲੈਣਾ ਚਾਹੁੰਦੀ ਹੈ ਤਾਂ ਉਹ ਪੰਜਾਬ ਦੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਕੇ ਉਹਨਾਂ ਦਾ ਰੀਵਿਊ ਕਰੇ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਾਲਜ ਨੂੰ 51 ਹਾਜ਼ਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਜੇਤੂ ਕਲਾਕਾਰਾਂ ਨੂੰ ਸਾਂਝੇ ਤੌਰ ਤੇ ਇਨਾਮ ਤਕਸੀਮ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਤੌਰ ਤੇ ਕਾਲਜ ਪ੍ਰਧਾਨ ਆਲਮਦੀਪ ਸਿੰਘ ਮੱਲਮਹਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਜਸਦੇਵ ਸਿੰਘ ਜੱਸਾ ਬੋਂਦਲੀ, ਵਾਰਿਸ ਪੰਜਾਬ ਦੇ ਆਗੂ ਬਰਜਿੰਦਰ ਸਿੰਘ ਬਬਲੂ ਲੋਪੋਂ ਅਤੇ ਜੋਗਿੰਦਰ ਸਿੰਘ ਸੇਹ ਹਾਜ਼ਰ ਸਨ।

Leave a Reply

Your email address will not be published. Required fields are marked *