Home » Uncategorized » ਹਲਕਾ ਬੱਸੀ ਪਠਾਣਾਂ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸ਼ਕਤੀ ਪ੍ਰਦਰਸ਼ਨ, ਪਵਿੱਤਰ ਸਿੰਘ ਖਾਲਸਾ ਨੇ ਪੇਸ਼ ਕੀਤੀ ਦਾਅਵੇਦਾਰੀ..

ਹਲਕਾ ਬੱਸੀ ਪਠਾਣਾਂ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸ਼ਕਤੀ ਪ੍ਰਦਰਸ਼ਨ, ਪਵਿੱਤਰ ਸਿੰਘ ਖਾਲਸਾ ਨੇ ਪੇਸ਼ ਕੀਤੀ ਦਾਅਵੇਦਾਰੀ..

ਨੰਦਪੁਰ ਕਲੋੜ ਵਿਖੇ ਵਿਸ਼ਾਲ ਇਕੱਠ, ਭਾਨਾ ਸਿੱਧੂ ਅਤੇ ਬਾਪੂ ਤਰਸੇਮ ਸਿੰਘ ਨੇ ਕੀਤੀ ਸ਼ਿਰਕਤ, ਸਰਕਾਰ ‘ਤੇ ਬੋਲੇ ਤਿੱਖੇ ਹਮਲੇ : ਜਿਲਾ ਪ੍ਰਧਾਨ ਲਖਬੀਰ ਸਿੰਘ ਕੋਟਲਾ 
ਫਤਿਹਗੜ੍ਹ ਸਾਹਿਬ 19 ਜੁਲਾਈ (ਚਰਨ ਸਿੰਘ ਮੈਣ ਮਾਜਰੀ) : ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਹਲਕਾ ਬੱਸੀ ਪਠਾਣਾ ਦੇ ਪਿੰਡ ਨੰਦਪੁਰ ਕਲੋੜ ਵਿਖੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਕੋਟਲਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਰਾਜਨੀਤਿਕ ਇਕੱਠ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਹਲਕੇ ਦੇ ਸੀਨੀ. ਆਗੂ ਪਵਿੱਤਰ ਸਿੰਘ ਖਾਲਸਾ ਨੇ ਹਲਕਾ ਬੱਸੀ ਪਠਾਣਾ ਤੋਂ ਪਾਰਟੀ ਦੀ ਸੇਵਾ ਨਿਭਾਉਣ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਸਮਾਗਮ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ, ਨੌਜਵਾਨ, ਮਹਿਲਾਵਾਂ ਅਤੇ ਪਾਰਟੀ ਵਰਕਰ ਸ਼ਾਮਲ ਹੋਏ। ਜਿਸ ਕਾਰਨ ਪੂਰਾ ਪੰਡਾਲ ਖਚਾਖਚ ਭਰਿਆ ਨਜ਼ਰ ਆਇਆ। ਇਸ ਮੌਕੇ ਵਾਰਿਸ ਪੰਜਾਬ ਦੇ ਨਾਲ ਜੁੜੇ ਉੱਘੇ ਆਗੂ ਭਾਨਾ ਸਿੱਧੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਧਰਮੀ ਪਿਤਾ ਬਾਪੂ ਤਰਸੇਮ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੀ ਆਮਦ ‘ਤੇ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਅਹੁਦੇਦਾਰ ਅਤੇ ਆਗੂ ਵੀ ਸਮਾਗਮ ਵਿੱਚ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਅਤੇ ਰਸੂਖਦਾਰ ਸਿਆਸਤਦਾਨਾਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਕਮਾਨ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਹੋਵੇਗੀ। ਜਿਨ੍ਹਾਂ ਦੇ ਪੁਰਖਿਆਂ ਨੇ ਕੌਮ ਅਤੇ ਪੰਜਾਬ ਲਈ ਸ਼ਹੀਦੀਆਂ ਅਤੇ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਉਹ ਇੱਕ ਨਵਾਂ ਬਦਲਾਅ ਲਿਆ ਸਕਣ। ਉਨ੍ਹਾਂ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵੱਡੇ ਵਾਅਦੇ ਕੀਤੇ ਸਨ, ਪਰ ਜ਼ਮੀਨੀ ਪੱਧਰ ‘ਤੇ ਇਹ ਵਾਅਦੇ ਪੂਰੇ ਨਹੀਂ ਹੋਏ ਅਤੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸਮਾਜ ਸੇਵਕ ਭਾਨਾ ਸਿੱਧੂ ਨੇ ਆਪਣੇ ਸੰਬੋਧਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਉਠਾਇਆ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਣਾ ਚਾਹੁੰਦੇ ਹਨ ਕਿ ਜੇਲ੍ਹਾਂ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦਾ ਕੀ ਕਸੂਰ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਉਹ ਪੰਜਾਬ ਦੇ ਹਰ ਪਿੰਡ, ਹਰ ਸੱਥ ਅਤੇ ਹਰ ਮੰਚ ‘ਤੇ ਜਾ ਕੇ ਸਰਕਾਰ ਤੋਂ ਇਨ੍ਹਾਂ ਮੁੱਦਿਆਂ ‘ਤੇ ਜਵਾਬ ਮੰਗਣਗੇ। ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਕੋਟਲਾ ਅਤੇ ਹਲਕਾ ਬੱਸੀ ਪਠਾਣਾ ਦੇ ਸੀਨੀਅਰ ਆਗੂ ਪਵਿੱਤਰ ਸਿੰਘ ਖਾਲਸਾ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਆਗੂਆਂ, ਵਰਕਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਵਚਨਬੱਧ ਹੈ ਅਤੇ ਜੇਕਰ ਲੋਕਾਂ ਨੇ ਉਨ੍ਹਾਂ ‘ਤੇ ਭਰੋਸਾ ਜਤਾਇਆ ਤਾਂ ਉਹ ਪਹਿਲਾਂ ਦੀਆਂ ਸਰਕਾਰਾਂ ਵਾਂਗ ਵਾਅਦੇ ਕਰਕੇ ਮੁੱਕਰਨਗੇ ਨਹੀਂ, ਸਗੋਂ ਹਰ ਵਰਗ ਦੀ ਭਲਾਈ ਲਈ ਇਮਾਨਦਾਰੀ ਨਾਲ ਕੰਮ ਕਰਨਗੇ। ਸਮਾਗਮ ਦੇ ਅੰਤ ਵਿੱਚ ਵੱਖ-ਵੱਖ ਢਾਡੀ ਜਥਿਆਂ ਵੱਲੋਂ ਸਿੱਖ ਇਤਿਹਾਸ, ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਨਾਲ ਸਬੰਧਤ ਵਾਰਾਂ ਪੇਸ਼ ਕੀਤੀਆਂ ਗਈਆਂ। ਸੰਗਤ ਨੇ ਪੂਰੇ ਜੋਸ਼ ਨਾਲ ਇਨ੍ਹਾਂ ਵਾਰਾਂ ਨੂੰ ਸਰਵਣ ਕੀਤਾ ਅਤੇ ਸਮਾਗਮ ਦਾ ਸਮਾਪਨ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਨਾਲ ਕੀਤਾ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ