Home » Uncategorized » ਗੁਰੂਘਰ ਦੀ ਮਰਿਆਦਾ ਨਾਲ ਖਿਲਵਾੜ ਬਰਦਾਸ਼ਤ ਨਹੀਂ, ਨਗਰਾਸੂ ਦੀ ਸਥਿਤੀ ਲਈ ਪ੍ਰਸ਼ਾਸਨ ਜ਼ਿੰਮੇਵਾਰ : ਅਜੇ ਪਾਲ ਸਿੰਘ ਬਰਾੜ

ਗੁਰੂਘਰ ਦੀ ਮਰਿਆਦਾ ਨਾਲ ਖਿਲਵਾੜ ਬਰਦਾਸ਼ਤ ਨਹੀਂ, ਨਗਰਾਸੂ ਦੀ ਸਥਿਤੀ ਲਈ ਪ੍ਰਸ਼ਾਸਨ ਜ਼ਿੰਮੇਵਾਰ : ਅਜੇ ਪਾਲ ਸਿੰਘ ਬਰਾੜ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 21 ਜੂਨ (ਮੰਗਤ ਸਿੰਘ ਸੈਦਪੁਰ) : ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਉਤਰਾਖੰਡ ਦੇ ਨਗਰਾਸੂ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਵਿਖੇ ਬਣੇ ਤਣਾਅਪੂਰਨ ਹਾਲਾਤਾਂ ‘ਤੇ ਭਾਰੀ ਚਿੰਤਾ ਪ੍ਰਗਟ ਕਰਦਿਆਂ ਉਤਰਾਖੰਡ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਖਾਲਸਾ ਪੰਥ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਕੋਈ ਵੀ ਯਤਨ ਸਿੱਖ ਕੌਮ ਕਦੇ ਵੀ ਸਵੀਕਾਰ ਨਹੀਂ ਕਰੇਗੀ।
ਸਰਦਾਰ ਬਰਾੜ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਹੋਰ ਸਰੋਤਾਂ ਤੋਂ ਮਿਲ ਰਹੀਆਂ ਸੂਚਨਾਵਾਂ ਅਨੁਸਾਰ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਨਾ ਸਿਰਫ਼ ਚਿੰਤਾਜਨਕ ਹਨ, ਸਗੋਂ ਦੇਸ਼ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਬੇਚੈਨੀ ਅਤੇ ਸ਼ੰਕੇ ਵੀ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਕੇਵਲ ਇੱਕ ਧਾਰਮਿਕ ਅਸਥਾਨ ਨਹੀਂ, ਸਗੋਂ ਸਿੱਖ ਇਤਿਹਾਸ, ਪ੍ਰੰਪਰਾ ਅਤੇ ਸੇਵਾ-ਸਿਮਰਨ ਦੀ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਸ ਲਈ ਗੁਰੂ ਘਰ ਦੀ ਮਰਿਆਦਾ, ਲੰਗਰ ਪ੍ਰਥਾ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨਾ ਹਰ ਸਿੱਖ ਦਾ ਫਰਜ਼ ਹੈ। ਸਰਦਾਰ ਬਰਾੜ ਨੇ ਐਲਾਨ ਕੀਤਾ ਕਿ ਮਿਸਲ ਸਤਲੁਜ ਇਸ ਸੰਵੇਦਨਸ਼ੀਲ ਮਾਮਲੇ ‘ਤੇ ਗੁਰੂ ਘਰ ਦੀ ਸੇਵਾ ਅਤੇ ਮਰਿਆਦਾ ਦੀ ਰੱਖਿਆ ਲਈ ਡਟੀਆਂ ਸਮੂਹ ਸਿੱਖ ਸੰਗਤਾਂ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਜਬਰਦਸਤੀ, ਦਬਾਅ ਜਾਂ ਸਰਕਾਰੀ ਤਾਕਤ ਦੇ ਆਧਾਰ ‘ਤੇ ਗੁਰੂ ਘਰ ਦੇ ਪ੍ਰਬੰਧਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਨੇ ਹਮੇਸ਼ਾ ਆਪਣੇ ਧਾਰਮਿਕ ਅਸਥਾਨਾਂ, ਮਰਿਆਦਾਵਾਂ ਅਤੇ ਕੌਮੀ ਸਵਾਭਿਮਾਨ ਦੀ ਰੱਖਿਆ ਲਈ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਇਸ ਲਈ ਕਿਸੇ ਵੀ ਪ੍ਰਸ਼ਾਸਨ ਨੂੰ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਧਾਰਮਿਕ ਅਧਿਕਾਰਾਂ ਨੂੰ ਤਾਕਤ ਦੇ ਜ਼ੋਰ ‘ਤੇ ਦਬਾਇਆ ਜਾ ਸਕਦਾ ਹੈ।
ਮਿਸਲ ਸਤਲੁਜ ਨੇ ਉਤਰਾਖੰਡ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਹੋਰ ਵਿਗਾੜਨ ਵਾਲੇ ਕਿਸੇ ਵੀ ਕਦਮ ਤੋਂ ਤੁਰੰਤ ਗੁਰੇਜ਼ ਕੀਤਾ ਜਾਵੇ ਅਤੇ ਸੰਗਤਾਂ ਨਾਲ ਆਪਸੀ ਸਤਿਕਾਰ ਨਾਲ ਵਿਚਾਰ-ਵਟਾਂਦਰਾ” ਰਾਹੀਂ ਮਸਲੇ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਉਤਰਾਖੰਡ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਸਰਦਾਰ ਅਜੇਪਾਲ ਸਿੰਘ ਬਰਾੜ ਨੇ ਸਮੂਹ ਦੇਸ਼ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਥਿਤੀ ‘ਤੇ ਨਜ਼ਰ ਬਣਾਈ ਰੱਖਣ, ਆਪਸੀ ਏਕਤਾ ਕਾਇਮ ਰੱਖਣ ਅਤੇ ਗੁਰੂ ਸਾਹਿਬ ਦੀ ਬਖ਼ਸ਼ੀ ਚੜ੍ਹਦੀ ਕਲ੍ਹਾ ਦੇ ਸਿਧਾਂਤ ਅਨੁਸਾਰ ਸ਼ਾਂਤਮਈ ਪਰ ਦ੍ਰਿੜ੍ਹਤਾ ਨਾਲ ਆਪਣੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਹਰ ਪੱਖੋਂ ਤਿਆਰ ਰਹਿਣ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ